ਚੈਂਪੀਅਨਸ ਟਰਾਫੀ 2025 ‘ਚ ਹੁਣ ਤੱਕ ਦੇ ਸਭ ਤੋਂ ਰੋਮਾਂਚਕ ਮੈਚ ‘ਚ ਅਫਗਾਨਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ ਟੂਰਨਾਮੈਂਟ ‘ਚੋਂ ਬਾਹਰ ਕਰ ਦਿੱਤਾ ਹੈ। ਇਬਰਾਹਿਮ ਜ਼ਾਦਰਾਨ (177) ਦੇ ਸ਼ਾਨਦਾਰ ਸੈਂਕੜੇ ਅਤੇ ਅਜ਼ਮਤੁੱਲਾ ਉਮਰਜ਼ਈ (41 ਦੌੜਾਂ ਅਤੇ 5 ਵਿਕਟਾਂ) ਦੇ ਹੈਰਾਨੀਜਨਕ ਆਲਰਾਊਂਡਰ ਪ੍ਰਦਰਸ਼ਨ ਦੇ ਦਮ ‘ਤੇ ਅਫਗਾਨਿਸਤਾਨ ਨੇ ਆਖਰੀ ਓਵਰਾਂ ਤੱਕ ਚੱਲੇ ਮੈਚ ‘ਚ ਸਾਬਕਾ ਵਿਸ਼ਵ ਚੈਂਪੀਅਨ ਨੂੰ ਸਿਰਫ 8 ਦੌੜਾਂ ਦੇ ਕਰੀਬੀ ਫਰਕ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਫਗਾਨਿਸਤਾਨ ਨੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ। ਇਕ ਵਾਰ ਫਿਰ ਇੰਗਲੈਂਡ ਦਾ ਚੈਂਪੀਅਨਸ ਟਰਾਫੀ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਇੰਗਲੈਂਡ ਨੂੰ ਪਹਿਲੇ ਹੀ ਮੈਚ ਵਿੱਚ ਆਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਗਾਤਾਰ 2 ਹਾਰਾਂ ਨਾਲ ਜੋਸ ਬਟਲਰ ਦੀ ਟੀਮ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ। ਨਾਲ ਹੀ ਵਿਸ਼ਵ ਕੱਪ 2023 ਤੋਂ ਬਾਅਦ ਅਫਗਾਨਿਸਤਾਨ ਨੇ ਦੂਜੀ ਵਾਰ ਫਿਰ ਇੰਗਲੈਂਡ ਨੂੰ ਹਰਾਇਆ ਹੈ।
