ਨਿਊਜ਼ੀਲੈਂਡ ਵਿੱਚ ਜਨਮੇ ਪੰਜਾਬੀ ਮੂਲ ਦੇ ਨੌਜਵਾਨ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਆਖਰੀ ਸਮੇਂ ‘ਤੇ ਰੋਕ ਦਿੱਤੀ ਗਈ ਹੈ। ਦਮਨ ਕੁਮਾਰ ਅਤੇ ਉਸਦੇ ਪਰਿਵਾਰ ਵੱਲੋਂ ਅਸੋਸ਼ੀਏਟ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਪੇਂਕ ਨੂੰ ਮੱਦਦ ਲਈ ਲਾਈ ਗੁਹਾਰ ਕੰਮ ਆਈ ਹੈ। ਕ੍ਰਿਸ ਪੇਂਕ ਦੇ ਅਫਸਰ ਵਲੋਂ ਹੀ ਅੱਜ ਸੰਦੇਸ਼ ਮਿਿਲਆ ਹੈ ਕਿ ਦਮਨ ਦੇ ਨਾਮ ਡਿਪੋਰਟੇਸ਼ਨ ਨੋਟਿਸ ਜਾਰੀ ਨਹੀਂ ਕੀਤਾ ਗਿਆ। ਕੁਝ ਦਿਨ ਪਹਿਲਾਂ ਉਸਦੇ ਇਮੀਗ੍ਰੇਸ਼ਨ ਵਕੀਲ ਨੇ ਕਿਹਾ ਸੀ ਕਿ ਉਸਨੂੰ 18 ਸਾਲਾ ਨੌਜਵਾਨ ਦੀ ਚਿੰਤਾ ਹੋ ਰਹੀ ਹੈ ਜਿਸ ਨੇ ਕਦੇ ਭਾਰਤ ਵਿੱਚ ਪੈਰ ਵੀ ਨਹੀਂ ਰੱਖਿਆ ਤੇ ਉਸਨੂੰ ਉੱਥੇ ਡਿਪੋਰਟ ਕਰਨ ਦੀ ਗੱਲ ਆਖੀ ਜਾ ਰਹੀ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਿਕ ਦਮਨ ਕੁਮਾਰ ਦੇ ਮਾਪਿਆਂ ਦੇ ਨਿਊਜ਼ੀਲੈਂਡ ‘ਚ ਗੈਰ-ਕਾਨੂੰਨੀ ਸਟੇਟਸ ਦੇ ਚਲਦਿਆਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸਨੂੰ ਦੇਸ਼ ‘ਚ ਗੈਰ-ਕਾਨੂੰਨੀ ਦੱਸਿਆ ਸੀ ਤੇ ਉਸਦੀ ਡਿਪੋਰਟੇਸ਼ਨ ਦੇ ਹੁਕਮ ਜਾਰੀ ਕੀਤੇ ਸਨ। ਦੱਸ ਦੇਈਏ ਦਮਨ ਕੁਮਾਰ ਨੂੰ 17 ਫਰਵਰੀ ਤੱਕ ਦੇਸ਼ ਛੱਡਣ ਲਈ ਕਿਹਾ ਗਿਆ ਸੀ। ਪਰ ਦਮਨ ਦੇ ਵਕੀਲ ਐਲੀਸਟਰ ਮੈਕਲੀਮੋਂਟ ਨੇ ਜਾਣਕਾਰੀ ਦਿੱਤੀ ਹੈ ਕਿ ਇਮੀਗ੍ਰੇਸ਼ਨ ਨੇ ਉਸਦੀ ਡਿਪੋਰਟੇਸ਼ਨ ਹੁਣ ਰੋਕ ਦਿੱਤੀ ਹੈ।