ਸਹੁਰੇ ਘਰ ਵੱਲੋਂ 45 ਲੱਖ ਰੁਪਏ ਖਰਚ ਕਰਕੇ ਕੈਨੇਡਾ ਗਈ ਪਤਨੀ ਨੇ ਆਪਣੇ ਪਤੀ ਨੂੰ ਪੀਆਰ ਕਰਵਾਉਣ ਦੀ ਬਜਾਏ ਤਲਾਕ ਦਾ ਨੋਟਿਸ ਦੇ ਦਿੱਤਾ। ਕੁੜੀ ਪਤੀ ਦੇ ਕੈਨੇਡਾ ਪਹੁੰਚਣ ਦੇ 10 ਦਿਨਾਂ ਬਾਅਦ ਉਸ ਨੂੰ ਛੱਡ ਕੇ ਘਰ ਦਾ ਸਾਰਾ ਸਾਮਾਨ ਆਪਣੇ ਨਾਲ ਲੈ ਗਈ। ਲੁਧਿਆਣਾ ਦੇ ਪਿੰਡ ਢਪਈ ਦੇ ਵਸਨੀਕ ਨੇ ਆਪਣੇ ਪੁੱਤ ਨੂੰ ਕੈਨੇਡਾ ਵਿੱਚ ਪੀਆਰ ਕਰਵਾਉਣ ਲਈ 45 ਲੱਖ ਰੁਪਏ ਖਰਚ ਕੇ ਆਪਣੀ ਨੂੰਹ ਦਾਨ ਕੌਰ ਨੂੰ ਕੈਨੇਡਾ ਭੇਜਿਆ ਸੀ।
ਪਰੇਸ਼ਾਨ ਮੁੰਡੇ ਦੇ ਪਿਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪੁਲਿਸ ਮੁਖੀ ਐਸਐਸਪੀ ਨਵਨੀਤ ਸਿੰਘ ਬੈਂਸ ਨੂੰ ਕੀਤੀ। ਸ਼ਿਕਾਇਤ ਦੀ ਪੜਤਾਲ ਵਿੱਚ ਦੋਸ਼ ਸਹੀ ਪਾਏ ਗਏ ਅਤੇ ਹੁਣ ਜੋਧਾਂ ਪੁਲਿਸ ਨੇ ਦਾਨ ਕੌਰ, ਉਸਦੀ ਮਾਤਾ ਸਰਬਜੀਤ ਕੌਰ ਵਾਸੀ ਖੋਖਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਦਾਨ ਕੌਰ ਦੇ ਚਾਚਾ ਜਸਵੀਰ ਸਿੰਘ ਵਾਸੀ ਪਿੰਡ ਬਧਾਈ ਦੇ ਖ਼ਿਲਾਫ਼ 45 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।