ਬਾਲੀਵੁੱਡ ਅਦਾਕਾਰ ਸੋਨੂੰ ਸੂਦ ਮੁਸੀਬਤ ‘ਚ ਫਸਦੇ ਨਜ਼ਰ ਆ ਰਹੇ ਹਨ। ਲੁਧਿਆਣਾ, ਪੰਜਾਬ ਦੀ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਸੋਨੂੰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ ਸੋਨੂੰ ਸੂਦ ਵੱਲੋਂ ਅਦਾਲਤ ਵਿੱਚ ਗਵਾਹੀ ਦੇਣ ਲਈ ਵਾਰ-ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਮੋਹਿਤ ਸ਼ੁਕਲਾ ਨਾਂ ਦੇ ਵਿਅਕਤੀ ਖ਼ਿਲਾਫ਼ 10 ਲੱਖ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ, ਜਿਸ ਵਿੱਚ ਉਸ ਨੂੰ ਜਾਅਲੀ ਰਿਜ਼ਿਕਾ ਸਿੱਕੇ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ। ਰਾਜੇਸ਼ ਨੇ ਇਸ ਸ਼ਿਕਾਇਤ ਵਿੱਚ ਕਈ ਗੰਭੀਰ ਦੋਸ਼ ਲਾਏ ਹਨ।
ਇਸ ਸ਼ਿਕਾਇਤ ਦੇ ਚੱਲਦਿਆਂ ਖੰਨਾ ਨੇ ਸੋਨੂੰ ਸੂਦ ਨੂੰ ਗਵਾਹੀ ਲਈ ਅਦਾਲਤ ਵਿੱਚ ਤਲਬ ਕੀਤਾ ਸੀ। ਹਾਲਾਂਕਿ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਸੋਨੂੰ ਸੂਦ ਗਵਾਹੀ ਦੇਣ ਲਈ ਅਦਾਲਤ ‘ਚ ਹਾਜ਼ਰ ਨਹੀਂ ਹੋਇਆ। ਸੋਨੂੰ ਦੀ ਗੈਰ-ਹਾਜ਼ਰੀ ਕਾਰਨ ਹੁਣ ਅਦਾਲਤ ਨੇ ਉਸ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਇਹ ਵਾਰੰਟ ਓਸ਼ੀਵਾਰਾ ਪੁਲਿਸ ਸਟੇਸ਼ਨ, ਅੰਧੇਰੀ ਵੈਸਟ, ਮੁੰਬਈ ਨੂੰ ਭੇਜਿਆ ਗਿਆ ਹੈ। ਇਸ ‘ਚ ਉਨ੍ਹਾਂ ਨੂੰ ਐਕਟਰ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ। ਇਸ ਦੌਰਾਨ, ਅਦਾਕਾਰ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਕ ਪਬਲੀਸਿਟੀ ਸਟੰਟ ਹੈ, ਅਤੇ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸੋਨੂੰ ਸੂਦ ਨੇ ਕਿਹਾ ਕਿ ਮੈਂ ਕਿਸੇ ਵੀ ਚੀਜ਼ ਦਾ ਬ੍ਰਾਂਡ ਅੰਬੈਸਡਰ ਨਹੀਂ ਹਾਂ, ਮੈਂ ਆਪਣੇ ਵਕੀਲ ਰਾਹੀਂ ਪਹਿਲਾਂ ਹੀ ਜਵਾਬ ਦੇ ਚੁੱਕਾ ਹਾਂ। 10 ਫਰਵਰੀ ਨੂੰ ਦੁਬਾਰਾ ਦੇਵਾਂਗਾ। ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਮੈਂ ਕਿਸੇ ਵੀ ਚੀਜ਼ ਦਾ ਬ੍ਰਾਂਡ ਅੰਬੈਸਡਰ ਨਹੀਂ ਹਾਂ। ਮੈਂ ਇਹ ਸਭ ਕੁਝ ਨਹੀਂ ਜਾਣਦਾ, ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਸ ਇਸ ਮਾਮਲੇ ‘ਚ ਪਬਲੀਸਿਟੀ ਹਾਸਿਲ ਕਰਨਾ ਚਾਹੁੰਦੇ ਹਨ, ਇਸੇ ਲਈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ।