ਆਕਲੈਂਡ ਮੋਟਰਵੇਅ ਨੈੱਟਵਰਕ ‘ਤੇ ਬੀਤੀ ਰਾਤ ਦੋ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ SH1 ‘ਤੇ ਲੋਕਾਂ ਦਾ ਸਫ਼ਰ ਥੋੜਾ ਔਖਾ ਰਿਹਾ ਹੈ। ਇੱਕ ਹਾਦਸੇ ਕਾਰਨ ਉੱਤਰ ਵੱਲ ਜਾਣ ਵਾਲਾ ਟ੍ਰੈਫਿਕ ਕਈ ਘੰਟਿਆਂ ਤੱਕ ਜਾਮ ‘ਚ ਫਸਿਆ ਰਿਹਾ। ਪੁਲਿਸ ਨੇ ਕਿਹਾ ਕਿ ਮੌਤਾਂ ਦੋ ਵੱਖ-ਵੱਖ “ਘਾਤਕ ਘਟਨਾਵਾਂ” ਵਿੱਚ ਹੋਈਆਂ ਹਨ। ਸਟੇਟ ਹਾਈਵੇਅ 1 ਨੂੰ ਪਹਿਲਾਂ ਓਟਾਰਾ ਦੇ ਨੇੜੇ ਮੈਨੂਕਾਊ ਅਤੇ ਈਸਟ ਤਮਾਕੀ ਰੋਡ ਆਨ-ਰੈਂਪ ਦੇ ਵਿਚਕਾਰ ਉੱਤਰ ਵੱਲ ਜਾਣ ਵਾਲੇ ਟ੍ਰੈਫਿਕ ਲਈ ਬੰਦ ਕਰ ਦਿੱਤਾ ਗਿਆ ਸੀ। ਪਰ ਲੇਨ ਸਵੇਰੇ 6.40 ਵਜੇ ਦੁਬਾਰਾ ਖੋਲ੍ਹ ਦਿੱਤੇ ਗਏ। ਇੱਕ-ਵਾਹਨ SH1 ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 2.20 ਵਜੇ ਬੁਲਾਇਆ ਗਿਆ ਸੀ। ਪੁਲਿਸ ਬੁਲਾਰੇ ਦੇ ਅਨੁਸਾਰ, ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ ਜਦਕਿ ਦੋ ਦੀ ਹਾਲਤ ਗੰਭੀਰ ਹੈ।