ਅਮਰੀਕਾ ਦੇ ਫਿਲਾਡੇਲਫੀਆ ‘ਚ ਇਕ ਵਾਰ ਫਿਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਕ ਛੋਟਾ ਜਹਾਜ਼ ਕਰੈਸ਼ ਹੋ ਗਿਆ ਜਿਸ ਤੋਂ ਬਾਅਦ ਕਈ ਘਰਾਂ ਨੂੰ ਅੱਗ ਲੱਗ ਗਈ। ਇਸ ਜਹਾਜ਼ ਵਿੱਚ ਛੇ ਲੋਕ ਸਵਾਰ ਸਨ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਦਾ ਕਹਿਣਾ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਰੂਜ਼ਵੇਲਟ ਮਾਲ ਨੇੜੇ ਵਾਪਰਿਆ। ਹਾਦਸਾਗ੍ਰਸਤ ਹੋਇਆ ਜਹਾਜ਼ ਲੀਅਰਜੇਟ 55 ਜਹਾਜ਼ ਸੀ। ਜਹਾਜ਼ ਸਪਰਿੰਗਫੀਲਡ ਬ੍ਰੈਨਸਨ ਨੈਸ਼ਨਲ ਏਅਰਪੋਰਟ ਜਾ ਰਿਹਾ ਸੀ। ਹਾਦਸੇ ਦੀ ਪੁਸ਼ਟੀ ਕਰਦੇ ਹੋਏ ਟਰਾਂਸਪੋਰਟ ਮੰਤਰੀ ਸੀਨ ਡਫੀ ਨੇ ਕਿਹਾ ਕਿ ਐੱਫਏਏ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਘਟਨਾ ਦੀ ਸਾਂਝੇ ਤੌਰ ‘ਤੇ ਜਾਂਚ ਕਰਨਗੇ। ਰਿਪੋਰਟ ਮੁਤਾਬਕ ਜਹਾਜ਼ ਹਾਦਸੇ ਤੋਂ ਬਾਅਦ ਮਲਬਾ ਡਿੱਗਣ ਕਾਰਨ ਕੁਝ ਘਰਾਂ ਅਤੇ ਕਈ ਕਾਰਾਂ ਨੂੰ ਅੱਗ ਲੱਗ ਗਈ ਸੀ। ਫਲਾਈਟ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਉਡਾਣ ਭਰੀ ਅਤੇ ਟੇਕਆਫ ਤੋਂ ਕੁਝ ਸਕਿੰਟਾਂ ਬਾਅਦ ਰਾਡਾਰ ਤੋਂ ਗਾਇਬ ਹੋ ਗਿਆ।