ਅਮਰੀਕਾ ਵਿੱਚ ਵ੍ਹਾਈਟ ਹਾਊਸ ਦੇ ਕੋਲ ਇੱਕ ਵੱਡਾ ਜਹਾਜ਼ ਹਾਦਸਾ ਹੋਇਆ ਹੈ। ਹਾਦਸੇ ਤੋਂ ਬਾਅਦ ਜਹਾਜ਼ ਪੋਟੋਮੈਕ ਨਦੀ ਵਿੱਚ ਡਿੱਗ ਗਿਆ। ਨਦੀ ‘ਚੋਂ 18 ਲਾਸ਼ਾਂ ਕੱਢੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਜਹਾਜ਼ ‘ਚ 60 ਲੋਕ ਸਵਾਰ ਸਨ। ਇਹ ਹਾਦਸਾ ਹੈਲੀਕਾਪਟਰ ਨਾਲ ਜਹਾਜ਼ ਦੇ ਟਕਰਾਉਣ ਕਾਰਨ ਵਾਪਰਿਆ ਹੈ। ਜਹਾਜ਼ ਨੇ ਵਾਸ਼ਿੰਗਟਨ ਦੇ ਰੋਨਾਲਡ ਰੀਗਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਾ ਸੀ। ਇਹ ਜਹਾਜ਼ ਅਮਰੀਕੀ ਸ਼ਹਿਰ ਕੰਸਾਸ ਸਿਟੀ ਤੋਂ ਵਾਸ਼ਿੰਗਟਨ ਆ ਰਿਹਾ ਸੀ। ਇਹ ਕੈਨੇਡੀਅਨ ਏਅਰ ਦਾ ਜਹਾਜ਼ ਸੀ। ਫਿਲਹਾਲ ਹਵਾਈ ਅੱਡੇ ‘ਤੇ ਸਾਰੀਆਂ ਉਡਾਣਾਂ ਅਤੇ ਲੈਂਡਿੰਗ ਰੋਕ ਦਿੱਤੀ ਗਈ ਹੈ। ਦੋਵਾਂ ਜਹਾਜ਼ਾਂ ਦਾ ਮਲਬਾ ਫਿਲਹਾਲ ਪੋਟੋਮੈਕ ਨਦੀ ਵਿੱਚ ਪਿਆ ਹੈ। ਬਚਾਅ ਕਾਰਜ ਜਾਰੀ ਹੈ। ਜਿਸ ਹੈਲੀਕਾਪਟਰ ਨਾਲ ਜਹਾਜ਼ ਦੀ ਟੱਕਰ ਹੋਈ ਉਹ ਅਮਰੀਕੀ ਫੌਜ ਦਾ ਹੈਲੀਕਾਪਟਰ ਬਲੈਕਹਾਕ (ਐੱਚ-60) ਸੀ। ਹਾਦਸੇ ਤੋਂ ਬਾਅਦ ਰੀਗਨ ਨੈਸ਼ਨਲ ਏਅਰਪੋਰਟ ਨੂੰ ਐਮਰਜੈਂਸੀ ਤਹਿਤ ਬੰਦ ਕਰ ਦਿੱਤਾ ਗਿਆ ਹੈ।
ਵ੍ਹਾਈਟ ਹਾਊਸ ਅਤੇ ਹਵਾਈ ਅੱਡੇ ਵਿਚਕਾਰ ਹਵਾਈ ਦੂਰੀ ਤਿੰਨ ਕਿਲੋਮੀਟਰ ਤੋਂ ਘੱਟ ਹੈ। ਜਦੋਂ ਇਹ ਹਾਦਸਾ ਹੋਇਆ ਤਾਂ ਟਰੰਪ ਵ੍ਹਾਈਟ ਹਾਊਸ ‘ਚ ਮੌਜੂਦ ਸਨ। ਇਹ ਹਾਦਸਾ ਹੈ ਜਾਂ ਸਾਜ਼ਿਸ਼ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫੌਜੀ ਹੈਲੀਕਾਪਟਰ ਦੇ ਅਚਾਨਕ ਆਉਣ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੋਟੋਮੈਕ ਨਦੀ ਅਜੇ ਵੀ ਬਰਫ਼ ਵਾਂਗ ਜੰਮੀ ਹੋਈ ਹੈ, ਇਸ ਲਈ ਲੋਕਾਂ ਦੇ ਬਚਣ ਦੀ ਉਮੀਦ ਬਹੁਤ ਘੱਟ ਹੈ।