ਜੇਕਰ ਤੁਸੀਂ ਵਿਜ਼ਟਰ ਵੀਜ਼ਾ ‘ਤੇ ਨਿਊਜ਼ੀਲੈਂਡ ਆ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖਾਸ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਕੁੱਝ ਪੋਸਟਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਮ ‘ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪੋਸਟਾਂ ਮੁਤਾਬਿਕ ਨਿਊਜ਼ੀਲੈਂਡ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਈਮੇਲ ਭੇਜ ਕਿਹਾ ਜਾ ਰਿਹਾ ਹੈ ਕਿ ਪੋਸਟ ਡੀਸੀਜ਼ਨ ਚੈੱਕ ਦੌਰਾਨ ਉਨ੍ਹਾਂ ਦੇ ਕੇਸ ਵਿੱਚ ਤਰੁਟੀਆਂ ਪਾਈਆਂ ਗਈਆਂ, ਜਿਸ ਕਾਰਨ ਉਨ੍ਹਾਂ ਦਾ ਵੀਜਾ ਰੱਦ ਕਰ ਦਿੱਤਾ ਗਿਆ ਤੇ ਇਸੇ ਲਈ ਹੁਣ ਇੱਕ ਅਫਸਰ ਉਨ੍ਹਾਂ ਨਾਲ ਇੱਕ ਹਫਤੇ ਦੇ ਅੰਦਰ-ਅੰਦਰ ਸੰਪਰਕ ਕਰੇਗਾ। ਇਸੇ ਮਸਲੇ ‘ਤੇ ਜਾਣਕਾਰੀ ਦਿੰਦਿਆਂ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਨੈਸ਼ਨਲ ਮੈਨੇਜਰ ਆਫ ਰਿਸਕ ਐਂਡ ਵੇਰੀਫੀਕੇਸ਼ਨ ਐਰੋਨ ਸਮਿਥ ਨੇ ਕਿਹਾ ਕਿ ਇਹ ਸਰਾਸਰ ਧੋਖਾ ਹੈ ਤੇ ਇਸ ਵਿੱਚ ਕੋਈ ਵੀ ਅਸਲੀਅਤ ਨਹੀਂ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਚਿੱਠੀ ਕਿਸੇ ਨੂੰ ਵੀ ਨਹੀਂ ਭੇਜੀ ਜਾ ਰਹੀ।