ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਟੀ-20ਆਈ ਕ੍ਰਿਕਟ ਵਿੱਚ ਭਾਰਤ ਲਈ ਇੱਕ ਵੱਡਾ ਰਿਕਾਰਡ ਬਣਾਇਆ ਹੈ। ਅਰਸ਼ਦੀਪ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਟੀਮ ਇੰਡੀਆ ਨੂੰ ਜ਼ਬਰਦਸਤ ਸ਼ੁਰੂਆਤ ਦਵਾਈ। ਅਰਸ਼ਦੀਪ ਨੇ ਆਪਣੇ ਪਹਿਲੇ 2 ਓਵਰਾਂ ‘ਚ 2 ਵਿਕਟਾਂ ਲੈ ਕੇ ਇੰਗਲੈਂਡ ਨੂੰ ਬੈਕ ਫੁੱਟ ‘ਤੇ ਧੱਕ ਦਿੱਤਾ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।
ਅਰਸ਼ਦੀਪ ਸਿੰਘ ਦਾ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਨਵੰਬਰ 2022 ਵਿੱਚ ਹੋਇਆ ਸੀ। ਅਰਸ਼ਦੀਪ ਨੇ ਸਿਰਫ 2 ਸਾਲਾਂ ਵਿੱਚ ਟੀ-20ਆਈ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ। ਇੰਗਲੈਂਡ ਖਿਲਾਫ ਇਸ ਮੈਚ ‘ਚ ਉਸ ਨੇ ਆਪਣੇ ਪਹਿਲੇ ਹੀ ਓਵਰ ‘ਚ ਫਿਲ ਸਾਲਟ ਦਾ ਵਿਕਟ ਲਿਆ ਸੀ। ਫਿਲ ਸਾਲਟ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਸ ਵਿਕਟ ਦੇ ਨਾਲ ਉਸ ਨੇ ਸਭ ਤੋਂ ਵੱਧ ਵਿਕਟਾਂ ਲੈਣ ਦੀ ਸੂਚੀ ਵਿੱਚ ਯੁਜਵੇਂਦਰ ਚਾਹਲ ਦੀ ਬਰਾਬਰੀ ਕਰ ਲਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਅਗਲੇ ਓਵਰ ਵਿੱਚ ਬੇਨ ਡਕੇਟ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਰਿਕਾਰਡ ਤੋੜ ਦਿੱਤਾ।
ਅਰਸ਼ਦੀਪ ਸਿੰਘ ਤੋਂ ਪਹਿਲਾਂ ਯੁਜਵੇਂਦਰ ਚਾਹਲ ਟੀ-20 ਵਿੱਚ 96 ਵਿਕਟਾਂ ਲੈ ਕੇ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਸਨ। ਇਸ ਦੇ ਨਾਲ ਹੀ ਇਸ ਸੂਚੀ ‘ਚ ਭੁਵਨੇਸ਼ਵਰ ਕੁਮਾਰ ਦਾ ਨਾਂ ਤੀਜੇ ਸਥਾਨ ‘ਤੇ ਹੈ। ਟੀ-20 ਕ੍ਰਿਕਟ ‘ਚ ਉਨ੍ਹਾਂ ਦੇ ਨਾਂ 90 ਵਿਕਟਾਂ ਹਨ। ਇਨ੍ਹਾਂ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ 89-89 ਵਿਕਟਾਂ ਲੈ ਕੇ ਚੌਥੇ ਸਥਾਨ ‘ਤੇ ਹਨ।