ਪੂਰਬੀ ਆਕਲੈਂਡ ‘ਚ ਬੀਤੀ ਰਾਤ ਇੱਕ ਵਿਅਕਤੀ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ। ਇੱਕ ਬਿਆਨ ਵਿੱਚ ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਤਿੰਨ ਵਿਅਕਤੀਆਂ ਵੱਲੋਂ ਡਨਰੋਬਿਨ ਪਲੇਸ, ਹਾਈਲੈਂਡ ਪਾਰਕ ਦੇ ਇੱਕ ਅਹਾਤੇ ਵਿੱਚ ਦਾਖਲ ਹੋਣ ਅਤੇ ਇੱਕ ਵਿਅਕਤੀ ‘ਤੇ ਹਮਲਾ ਕਰਨ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਗੋਲੀ ਚਲਾਈ ਗਈ ਸੀ ਅਤੇ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਸੇਂਟ ਜੌਨ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਐਂਬੂਲੈਂਸ, ਇੱਕ ਰੈਪਿਡ ਰਿਸਪਾਂਸ ਯੂਨਿਟ ਅਤੇ ਇੱਕ ਆਪ੍ਰੇਸ਼ਨ ਮੈਨੇਜਰ ਨੂੰ ਘਟਨਾ ਸਥਾਨ ‘ਤੇ ਭੇਜਿਆ ਸੀ। ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ, “ਇੱਕ ਮਰੀਜ਼, ਜਿਸਦੀ ਹਾਲਤ ਗੰਭੀਰ ਸੀ, ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ।” ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸੰਪਰਕ ਕਰਨ ਲਈ ਅਪੀਲ ਕੀਤੀ ਗਈ ਹੈ।