ਸ਼ੁੱਕਰਵਾਰ ਪੰਜਾਬ ‘ਚ ਹਾਦਸਿਆਂ ਦਾ ਦਿਨ ਰਿਹਾ। ਪਟਿਆਲਾ, ਬਰਨਾਲਾ, ਜਲੰਧਰ, ਸੰਗਰੂਰ, ਬਠਿੰਡਾ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਸੜਕ ਹਾਦਸੇ ਵਾਪਰੇ ਹਨ। ਸੰਘਣੀ ਧੁੰਦ ਵੱਖ-ਵੱਖ ਸੜਕ ਹਾਦਸਿਆਂ ਦਾ ਕਾਰਨ ਬਣੀ। ਬਰਨਾਲਾ ‘ਚ ਇੱਕੋ ਸਮੇਂ ਪੰਜ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਇੱਕ ਮਹਿਲਾ ਲੈਕਚਰਾਰ ਦੀ ਮੌਤ ਹੋ ਗਈ। ਅਬੋਹਰ ‘ਚ ਪੀ.ਆਰ.ਟੀ.ਸੀ ਬੱਸ ਨੇ ਇਕ ਔਰਤ ਨੂੰ ਕੁਚਲ ਦਿੱਤਾ, ਜਿਸ ਕਾਰਨ ਪੰਜ ਧੀਆਂ ਦੀ ਮਾਂ ਦੀ ਮੌਤ ਹੋ ਗਈ। ਜਲੰਧਰ ਵਿੱਚ ਵੀ ਬੱਸਾਂ ਦੀ ਆਪਸ ਵਿੱਚ ਟੱਕਰ ਹੋ ਗਈ ਹੈ। ਸੰਗਰੂਰ ਵਿੱਚ PRTC ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਬੱਸ ਕੰਡਕਟਰ ਦੀ ਮੌਤ ਹੋ ਗਈ। ਇਨ੍ਹਾਂ ਹਾਦਸਿਆਂ ‘ਚ ਕਈ ਲੋਕ ਜ਼ਖਮੀ ਹੋਏ ਹਨ।
ਅਜਿਹਾ ਹੀ ਇੱਕ ਦਰਦਨਾਕ ਹਾਦਸਾ ਵੀਰਵਾਰ-ਸ਼ੁੱਕਰਵਾਰ ਦੀ ਰਾਤ ਨੂੰ ਪਟਿਆਲਾ ਦੇ ਨਾਭਾ ਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਵਾਪਰਿਆ। ਹਾਦਸੇ ਵਿੱਚ ਤਿੰਨ ਪਰਿਵਾਰਾਂ ਦੇ ਇਕਲੌਤੇ ਪੁੱਤਰਾਂ ਦੀ ਜਾਨ ਚਲੀ ਗਈ। ਰਾਤ ਨੂੰ ਸੰਘਣੀ ਧੁੰਦ ਕਾਰਨ ਇੱਕ ਕਾਰ ਛੱਪੜ ਵਿੱਚ ਡਿੱਗ ਗਈ। ਕਾਰ ਵਿੱਚ ਬੈਠੇ ਤਿੰਨ ਨੌਜਵਾਨ ਡੁੱਬ ਗਏ ਜਦਕਿ ਇੱਕ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ। ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਦੇ ਰਹਿਣ ਵਾਲੇ ਪੰਜ ਨੌਜਵਾਨ ਹਰਦੀਪ ਸਿੰਘ, ਇੰਦਰਜੋਤ ਸਿੰਘ, ਕਮਲਪ੍ਰੀਤ ਸਿੰਘ, ਦਲਬੀਰ ਸਿੰਘ ਅਤੇ ਇੱਕ ਹੋਰ ਨੌਜਵਾਨ ਆਪਣੇ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਵੀਰਵਾਰ ਰਾਤ ਕਰੀਬ 9 ਵਜੇ ਸੰਘਣੀ ਧੁੰਦ ‘ਚ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇੱਕ ਨੌਜਵਾਨ ਹੇਠਾਂ ਉਤਰਿਆ ਅਤੇ ਆਪਣੇ ਮੋਬਾਈਲ ਦੀ ਟਾਰਚ ਨਾਲ ਰਸਤਾ ਦਿਖਾਉਣ ਲੱਗਾ। ਧੁੰਦ ਇੰਨੀ ਜ਼ਿਆਦਾ ਸੀ ਕਿ ਕਾਰ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਛੱਪੜ ਵਿੱਚ ਜਾ ਡਿੱਗੀ।