ਕੁੱਝ ਸਾਲ ਪਹਿਲਾਂ ਪੰਜਾਬ ‘ਚ NRI ਪਤੀ ਵੱਲੋਂ ਕੁੜੀਆਂ ਨੂੰ ਧੋਖਾ ਦੇਣ ਦੇ ਮਾਮਲੇ ਵੱਡੀ ਗਿਣਤੀ ‘ਚ ਸਾਹਮਣੇ ਆਉਂਦੇ ਸੀ ਪਰ ਹੁਣ ਅਜੋਕੇ ਸਮੇਂ ‘ਚ ਇਸ ਦੇ ਉਲਟ ਕੁੜੀਆਂ ਵੱਲੋਂ ਮੁੰਡਿਆਂ ਨੂੰ ਧੋਖਾ ਦੇਣ ਦੇ ਮਾਮਲਿਆਂ ‘ਚ ਵੱਡਾ ਵਾਧਾ ਹੋਇਆ ਹੈ। ਅਜਿਹਾ ਹੀ ਇੱਕ ਮਾਮਲਾ ਮਜੀਠਾ ਤੋਂ ਸਾਹਮਣੇ ਆਇਆ ਹੈ। ਜਿਸ ਦੀਆਂ ਤਾਰਾਂ ਨਿਊਜ਼ੀਲੈਂਡ ਨਾਲ ਵੀ ਜੁੜੀਆਂ ਹਨ। ਦਰਅਸਲ ਨਿਊਜ਼ੀਲੈਂਡ ਰਹਿੰਦੀ ਨਵਜੋਤ ਕੌਰ ਤੇ ਉਸਦੇ ਪਰਿਵਾਰ (ਭਰਾ ਤੇ ਪਿਤਾ) ਖਿਲਾਫ ਮਜੀਠਾ ਪੁਲਿਸ ਨੇ ਇੱਕ ਕੇਸ ਬੀਐਨਐਸ ਦੀ ਧਾਰਾ 318 (4) ਅਤੇ 61 ਤਹਿਤ ਕੇਸ ਦਰਜ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕੇਸ ਦਰਜ ਕਰਵਾਉਣ ਵਾਲਾ ਪੀੜਿਤ ਨੌਜਵਾਨ ਦਾ ਪਿਤਾ ਮਨਪ੍ਰੀਤ ਸਿੰਘ ਰਿਹਾਇਸ਼ੀ ਵਰਿਆਮ ਨੰਗਲ ਹੈ। ਮਨਪ੍ਰੀਤ ਸਿੰਘ ਨੇ ਇਲਜ਼ਾਮ ਲਗਾਏ ਨੇ ਕਿ ਨਵਜੋਤ ਕੌਰ ਦਾ ਵਿਆਹ ਉਨ੍ਹਾਂ ਦੇ ਪੁੱਤਰ ਨਿਰਵੈਰ ਸਿੰਘ ਨਾਲ ਹੋਇਆ ਸੀ ਤੇ ਉਨ੍ਹਾਂ ਨਵਜੋਤ ਕੌਰ ਨੂੰ 22 ਲੱਖ ਖਰਚਕੇ ਇੱਥੇ ਭੇਜਿਆ ਸੀ। ਇਸ ਮਗਰੋਂ ਨਵਜੋਤ ਕੌਰ ਨੇ ਨਿਰਵੈਰ ਸਿੰਘ ਨੂੰ ਨਿਊਜ਼ੀਲੈਂਡ ਤਾਂ ਬੁਲਾ ਲਿਆ, ਪਰ ਉਹ ਨਿਰਵੈਰ ਸਿੰਘ ਨੂੰ ਨਜਰਅੰਦਾਜ ਕਰਦੀ ਰਹੀ। ਬਾਅਦ ਵਿੱਚ ਪਤਾ ਲੱਗਾ ਕਿ ਨਵਜੋਤ ਨੇ ਨਿਊਜ਼ੀਲੈਂਡ ਵਿੱਚ ਇੱਕ ਹੋਰ ਵਿਆਹ ਕਰਵਾਇਆ ਹੋਇਆ ਹੈ ਜਿਸਤੋਂ ਉਸਨੂੰ ਇੱਕ ਬੱਚਾ ਵੀ ਹੈ ਤੇ ਇਹ ਵਿਆਹ ਨਿਰਵੈਰ ਸਿੰਘ ਨੂੰ ਬਿਨ੍ਹਾਂ ਤਲਾਕ ਦਿੱਤੇ ਕਰਵਾਇਆ ਸੀ। ਹਾਲਾਂਕਿ ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਸਜਾ ਦੁਆਉਣ ਲਈ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।