ਪਹਿਲਵਾਨ ਅਤੇ ਕਾਂਗਰਸੀ ਵਿਧਾਇਕ ਵਿਨੇਸ਼ ਫੋਗਾਟ ਐਤਵਾਰ ਨੂੰ ਖਨੌਰੀ ਬਾਰਡਰ ‘ਤੇ ਪਹੁੰਚੇ ਸਨ। ਉਹ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਸਾਨਾਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ‘ਤੇ ਵੀ ਸ਼ਬਦੀ ਹਮਲੇ ਕੀਤੇ।
ਕਾਂਗਰਸੀ ਆਗੂ ਵਿਨੇਸ਼ ਫੋਗਾਟ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੂਜਿਆਂ ਲਈ ਆਪਣੀ ਜਾਨ ਖ਼ਤਰੇ ਵਿੱਚ ਪਾ ਰਹੇ ਹਨ। ਮੈਂ ਪੰਜਾਬ, ਹਰਿਆਣਾ ਅਤੇ ਪੂਰੇ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਦੇ ਇਸ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੀ ਹਾਂ। ਸਾਨੂੰ ਡੱਲੇਵਾਲ ਵਰਗੇ ਲੋਕਾਂ ਦੀ ਲੋੜ ਹੈ। ਉਹ ਆਪਣਾ ਮਰਨ ਵਰਤ ਤੋੜਨ ਲਈ ਤਿਆਰ ਨਹੀਂ ਹਨ ਅਤੇ ਦੂਜੇ ਪਾਸੇ ਸਰਕਾਰਾਂ ਕੰਨ ਬੰਦ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀਆਂ ਹਨ।
ਵਿਨੇਸ਼ ਫੋਗਾਟ ਨੇ ਕਿਹਾ ਕਿ ਸਮਾਜ ਨੂੰ ਡੱਲੇਵਾਲ ਵਰਗੇ ਲੋਕਾਂ ਦੀ ਬਹੁਤ ਲੋੜ ਹੈ। ਉਨ੍ਹਾਂ ਲਈ ਹਰ ਦਿਨ ਦੀ ਹਰ ਘੜੀ ਔਖੀ ਹੁੰਦੀ ਜਾ ਰਹੀ ਹੈ। ਅਜਿਹੇ ‘ਚ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਮੈਦਾਨ ‘ਚ ਨਿਡਰ ਹੋ ਕੇ ਲੜਨਾ ਪਵੇਗਾ। ਇਸ ਲਈ ਮੈਂ ਪੰਜਾਬ ਅਤੇ ਹਰਿਆਣਾ ਦੇ ਸਾਰੇ ਲੋਕਾਂ ਨੂੰ ਵੀ ਕਿਸਾਨਾਂ ਦੇ ਨਾਲ ਆਉਣ ਦੀ ਅਪੀਲ ਕਰਦੀ ਹਾਂ। ਫੋਗਾਟ ਨੇ ਕਿਹਾ ਕਿ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਇੰਨੀ ਦੇਰ ਨਾਲ ਨਾ ਆਉਣ ਕਿ ਬਹੁਤ ਦੇਰ ਹੋ ਜਾਵੇ।
ਕਿਸਾਨਾਂ ਨੂੰ ਸ਼ਨੀਵਾਰ ਨੂੰ ਦਿੱਲੀ ਜਾਣ ਤੋਂ ਰੋਕਣ ‘ਤੇ ਫੋਗਾਟ ਨੇ ਕਿਹਾ ਕਿ ਇਹ ਉਨ੍ਹਾਂ ਦੀ ਤੀਜੀ ਕੋਸ਼ਿਸ਼ ਸੀ। 101 ਕਿਸਾਨਾਂ ਦੇ ਜਥੇ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਤਸ਼ੱਦਦ ਕੀਤਾ ਗਿਆ। ਕਿਸਾਨਾਂ ‘ਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਛੱਡੀਆਂ ਗਈਆਂ। ਇਹ ਕਾਇਰਤਾ ਭਰੀ ਹਰਕਤ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਐਮਰਜੈਂਸੀ ਵਰਗੀ ਸਥਿਤੀ ਬਣੀ ਹੋਈ ਹੈ। ਅੱਜ ਕਿਸਾਨ ਆਪਣੇ ਹੱਕ ਮੰਗ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਸੰਘਰਸ਼ ਕਰਨਾ ਪੈ ਰਿਹਾ ਹੈ। ਕਿਸਾਨਾਂ ਨੂੰ MSP ਨਹੀਂ ਮਿਲ ਰਹੀ। ਸਰਕਾਰਾਂ ਨੇ ਕੰਨ ਬੰਦ ਕਰ ਲਏ ਹਨ। ਅਜਿਹਾ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ। ਉਹ ਕਿਸਾਨਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਹੇ ਹਨ।