ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਸੁ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਨੂੰ ਬੀਤੇ ਤਿੰਨ ਦਿਨਾਂ ਤੋਂ ਬੁਖਾਰ ਹੈ। ਉਨ੍ਹਾਂ ਨੂੰ ਕਾਰਡੀਓਲਾਜੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਉਨ੍ਹਾਂ ਦਾ ਪੂਰਾ ਚੈਕਅਪ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਦੋ ਹਫਤੇ ਪਹਿਲਾਂ 26 ਸਤੰਬਰ ਨੂੰ 89 ਸਾਲ ਦੇ ਹੋਏ ਹਨ।
ਫਿਲਹਾਲ ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮਨਮੋਹਨ ਸਿੰਘ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦੀ ਅਗਵਾਈ ‘ਚ ਡਾਕਟਰਾਂ ਦੀ ਇਕ ਟੀਮ ਦੀ ਨਿਗਰਾਨੀ ਵਿਚ ਹਨ। ਮਨਮੋਹਨ ਸਿੰਘ ਇਸ ਸਾਲ 19 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ 10 ਦਿਨ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਵਿਚਾਰਕ ਤੇ ਵਿਦਵਾਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ 26 ਸਤੰਬਰ 1932 ਨੂੰ ਭਾਰਤ ਦੇ ਪੰਜਾਬ ਸੂਬੇ ਦੇ ਇੱਕ ਪਿੰਡ ਵਿਚ ਹੋਇਆ ਸੀ।