ਇਟਲੀ ‘ਚ ਪੰਜਾਬ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਵਸਨੀਕ ਦੀ ਇਟਲੀ ਵਿੱਚ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਟਰੈਕਟਰ ਦੇ ਪਿੱਛੇ ਰੋਟਾਵੇਟਰ ਮਸ਼ੀਨ ਲਗਾ ਕੇ ਖੇਤ ਵਾਹ ਰਿਹਾ ਸੀ। ਇਸ ਹਾਦਸੇ ਕਾਰਨ ਪਿੰਡ ਤਾਸ਼ਪੁਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਪਿੰਡ ਤਾਸ਼ਪੁਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਰਹਿ ਰਿਹਾ ਸੀ। ਜਿੱਥੇ ਕੰਪਾਨੀਆ ਦੇ ਬੱਤੀ ਪਾਲੀਆ (ਸਾਲੇਰਨੋ) ਨੇੜੇ ਇਬੋਲੀ ਦੇ ਕੰਪੋਲੋਗੋ ਵਿੱਚ ਉਹ ਟਰੈਕਟਰ ਦੇ ਪਿੱਛੇ ਰੋਟਾਵੇਟਰ ਮਸ਼ੀਨ ਲਗਾ ਕੇ ਖੇਤਾਂ ਦੀ ਜ਼ਮੀਨ ਨੂੰ ਪੱਧਰਾ ਕਰ ਰਿਹਾ ਸੀ। ਫਿਰ ਅਚਾਨਕ ਟਰੈਕਟਰ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ।