ਸੋਮਵਾਰ ਦੁਪਹਿਰ ਬਟਾਲਾ ਦੇ ਪਿੰਡ ਸ਼ਾਹਬਾਦ ਚ ਵਾਪਰੇ ਇੱਕ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਕਾਰਨ ਪੂਰਾ ਪੰਜਾਬ ਦਹਿਲ ਗਿਆ ਹੈ। ਕਰੀਬ 3 ਵਜੇ ਬਟਾਲਾ ਤੋਂ ਰਵਾਨਾ ਹੋਈ ਇੱਕ ਨਿੱਜੀ ਬੱਸ ਨੇ ਪਿੰਡ ਸ਼ਾਹਬਾਦ ਨੇੜੇ ਇੱਕ ਸਕੂਟਰ ਸਵਾਰ ਨੂੰ ਬਚਾਉਂਦੇ ਹੋਏ ਪਿੰਡ ਸ਼ਾਹਬਾਦ ਦੇ ਬੱਸ ਅੱਡੇ ਨਾਲ ਜਾ ਟਕਰਾਈ। ਤੇਜ਼ ਰਫਤਾਰ ਬੱਸ ਸਟਾਪ ਨੂੰ ਚੀਰਦੇ ਹੋਏ ਕਾਫੀ ਅੱਗੇ ਜਾ ਕਿ ਰੁਕੀ। ਇਸ ਹਾਦਸੇ ‘ਚ ਪਿਤਾ ਦੇ ਸਕੂਟਰ ਦੀ ਪਿਛਲੀ ਸੀਟ ‘ਤੇ ਸਵਾਰ 14 ਸਾਲਾ ਨੌਜਵਾਨ, ਬੱਸ ‘ਚ ਸਵਾਰ ਇਕ ਔਰਤ ਅਤੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ‘ਚ ਹੁਣ ਤੱਕ ਕੁੱਲ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 18 ਜ਼ਖਮੀ ਹਨ। ਇਨ੍ਹਾਂ 18 ਵਿੱਚੋਂ 11 ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸੂਚਨਾ ਮਿਲਦੇ ਹੀ ਬਟਾਲਾ ਤੋਂ ‘ਆਪ’ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, MLA ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਮੌਕੇ ‘ਤੇ ਪਹੁੰਚੇ ਸਨ।
![private-bus-accident-in-batala](https://www.sadeaalaradio.co.nz/wp-content/uploads/2024/10/WhatsApp-Image-2024-09-30-at-11.22.04-PM-950x534.jpeg)