ਅਜੌਕੇ ਸਮੇਂ ‘ਚ ਬਹੁਤ ਲੋਕ ਆਪਣੇ ਚੰਗੇ ਭਵਿੱਖ ਦੀ ਖਾਤਰ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ‘ਚ ਆਉਂਦੇ ਹਨ ਪਰ ਕਈ ਲੋਕ ਇੱਥੇ ਪਹੁੰਚਣ ਤੋਂ ਬਾਅਦ ਸਿਰਫ ਖੱਜਲ-ਖੁਆਰ ਹੀ ਹੁੰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਭਾਰਤ ਤੋਂ ਆਪਣੀ ਜ਼ਮੀਨ ਜਾਇਦਾਦ ਵੇਚ ਵੱਟ ਚੰਗੇ ਭਵਿੱਖ ਦੀ ਆਸ ‘ਚ ਵਰਕ ਪਰਮਿਟ ‘ਤੇ ਨਿਊਜ਼ੀਲੈਂਡ ਪਹੁੰਚੀਆਂ ਆਹ ਬੀਬੀਆਂ ਅੱਜ ਦਰ-ਦਰ ਦੀਆਂ ਠੋਕਰਾਂ ਖਾ ਰਹੀਆਂ ਨੇ। ਇੰਨਾਂ ਹੀ ਨਹੀਂ ਹਲਾਤ ਇਹ ਹੋ ਚੁੱਕੇ ਨੇ ਕਿ ਪਾਪਾਟੋਏਟੋਏ ਦੇ ਗੁਰਦੁਆਰਾ ਸਾਹਿਬ ਤੋਂ ਲੰਗਰ ਛੱਕ ਕੇ ਗੁਜਾਰਾ ਕਰਨਾ ਪੈ ਰਿਹਾ ਹੈ। ਇਹ ਬੀਬੀਆਂ ਇੱਥੇ ਬਿਊਟੀ ਸੈਲੁਨ ਵਿੱਚ ਕੰਮ ਕਰਦੀਆਂ ਹਨ ਪਰ ਇੰਨਾਂ ਨੇ ਮਾਲਕ ‘ਤੇ ਇਲਜ਼ਾਮ ਲਗਾਏ ਹਨ ਕਿ ਇੰਨਾਂ ਨੂੰ ਇੰਨਾਂ ਦਾ ਬਣਦਾ ਹੱਕ ( ਤਨਖਾਹ) ਨਹੀਂ ਦਿੱਤੀ ਗਈ। ਅਨੀਤਾ ਵਰਮਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮੈਂ ਬੀਤੇ ਨਵੰਬਰ ‘ਚ ਨਿਊਜ਼ੀਲੈਂਡ ਆਈ ਸੀ, ਸੁਨਿਹਰੇ ਭਵਿੱਖ ਦੀ ਤਲਾਸ਼ ਵਿੱਚ ਉਹ ਆਪਣੀ 2 ਸਾਲ ਦੀ ਬੱਚੀ ਤੇ ਪਤੀ ਨੂੰ ਇੰਡੀਆ ਛੱਡਕੇ ਹਜਾਰਾਂ ਡਾਲਰਾਂ ਦਾ ਕਰਜਾ ਚੁੱਕ ਇੱਥੇ ਆਈ ਸੀ, ਪਰ ਇੱਥੇ ਯੋਗੇਸ਼ ਦੇ ਸੈਲੁਨ ‘ਤੇ ਕਈ ਮਹੀਨੇ ਕੰਮ ਕਰਨ ਤੋਂ ਬਾਅਦ ਉਸਨੂੰ ਇੱਕ ਡਾਲਰ ਵੀ ਅਦਾ ਨਹੀਂ ਕੀਤਾ ਗਿਆ। ਇਲਜ਼ਾਮ ਲਗਾਉਂਦਿਆਂ ਇੰਨਾਂ ਨੇ ਕਿਹਾ ਕਿ ਸਾਡੇ ਕੋਲ ਸਬੂਤ ਵਜੋਂ ਬੈਂਕ ਸਟੇਟਮੈਂਟਾਂ, ਫੋਨਾਂ ਦੀਆਂ ਪੰਜਾਬੀ ਵਿੱਚ ਰਿਕਾਰਡਿੰਗਾਂ ਵੀ ਮੌਜੂਦ ਹਨ, ਹਾਲਾਂਕਿ ਯੋਗੇਸ਼ ਇਨ੍ਹਾਂ ਸਾਰੇ ਦਾਅਵਿਆਂ ਨੂੰ ਬੇਬੁਨਿਆਦ ਦੱਸ ਰਿਹਾ ਹੈ।
ਇਨ੍ਹਾਂ ਚਾਰਾਂ ਨੇ ਸਾਂਝੇ ਰੂਪ ‘ਚ ਕਰੀਬ $180,000 ਖਰਚਿਆ ਨਿਊਜੀਲੈਂਡ ਆਉਣ ਲਈ, ਪਰ ਦੀਵਾ ਹੇਅਰ ਐਂਡ ਬਿਉਟੀ ਸੈਲੁਨ ਮਾਲਕ ਯੋਗੇਸ਼ ਥਾਪਰ ਦਾ ਕਹਿਣਾ ਹੈ ਕਿ ਇਹ ਕਰਮਚਾਰੀ ਝੂਠੇ ਦਾਅਵੇ ਕਰ ਰਹੀਆਂ ਹਨ, ਜਦਕਿ ਇਨ੍ਹਾਂ ਬੀਬੀਆਂ ਦੀ ਮੰਨੀਏ ਤਾਂ ਇਨ੍ਹਾਂ ਕੋਲ ਅਦਾ ਕੀਤੀਆਂ ਰਕਮਾਂ ਦੇ ਸਬੂਤ ਵੀ ਹਨ, ਇੱਥੇ ਹੀ ਬੱਸ ਨਹੀਂ ਵਿਚਾਲੇ ਵਿਚੋਲੀਆ ਬਣੀ ਮੋਗੇ ਨਾਲ ਸਬੰਧਿਤ ਇੱਕ ਮੁਟਿਆਰ ਅਨੁਸਾਰ ਉਸਨੇ ਮਾਲਕ ਯੋਗੇਸ਼ ਥਾਪਰ ਨੂੰ ਤਾਂ $38,000 ਦੀ ਇੱਕ ਲੈਂਡਰੋਵਰ ਵੀ ਲੈ ਕੇ ਦਿੱਤੀ, ਜੋ ਇਸੇ ਡੀਲ ਦਾ ਹਿੱਸਾ ਸੀ। ਪਰ ਯੋਗੇਸ਼ ਇਸ ਸਭ ਤੋਂ ਮੁੱਕਰ ਰਿਹਾ ਹੈ।