ਨਵਜੋਤ ਸਿੰਘ ਸਿੱਧੂ ਦਾ ਪੰਜਾਬ ਦਾ ਮੁੱਖ ਮੰਤਰੀ ਨਾ ਬਣਨ ਦਾ ਦਰਦ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨਾ ਬਣਾਏ ਜਾਣ ਦਾ ਉਨ੍ਹਾਂ ਦਾ ਦਰਦ ਬਾਰ ਬਾਰ ਸਾਹਮਣੇ ਆਉਂਦਾ ਹੈ। ਵੀਰਵਾਰ ਨੂੰ ਲਖੀਮਪੁਰ ਖੀਰੀ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਦਰਦ ਮੁੜ ਛਲਕਿਆਂ ਹੈ। ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਅਪਸ਼ਬਦਾਂ ਦੀ ਵਰਤੋਂ ਕਰਦੇ ਹੋਏ ਸੁਣਿਆ ਗਿਆ ਹੈ।
ਇੰਨਾ ਹੀ ਨਹੀਂ, ਸਿੱਧੂ ਨੇ ਖੁਦ ਨੂੰ ਮੁੱਖ ਮੰਤਰੀ ਬਣਾਉਣ ਦੀ ਵੀ ਵਕਾਲਤ ਕੀਤੀ ਹੈ। ਵੀਡੀਓ ਵਿੱਚ, ਸਿੱਧੂ ਨੇ ਇੱਥੋਂ ਤੱਕ ਕਿਹਾ ਕਿ 2022 ਵਿੱਚ ਚੰਨੀ ‘ਕਾਂਗਰਸ ਨੂੰ ਹੀ ਡੁਬੋ ਦੇਵੇਗਾ’। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਏਅਰਪੋਰਟ ਚੌਕ ‘ਤੇ ਆਉਣ ਤੋਂ ਪਹਿਲਾਂ ਉਸ ਨੇ ਸੀਐਮ ਚੰਨੀ ਲਈ ਅਪਸ਼ਬਦਾਂ ਦੀ ਵਰਤੋਂ ਕੀਤੀ ਸੀ। ਮੁਹਾਲੀ ਏਅਰਪੋਰਟ ਚੌਕ ਤੋਂ ਹੀ ਲਖੀਮਪੁਰ ਲਈ ਇੱਕ ਮਾਰਚ ਰਵਾਨਾ ਹੋਇਆ ਸੀ।
ਵੀਡੀਓ ਵਿੱਚ ਪ੍ਰਗਟ ਸਿੰਘ ਕਹਿੰਦੇ ਹਨ ਕਿ ਇਹ ਸਿਰਫ 2 ਮਿੰਟ ਦੀ ਗੱਲ ਹੈ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚਣ ਵਾਲੇ ਹਨ। ਇਸ ਤੋਂ ਬਾਅਦ ਸਿੱਧੂ ਕਹਿੰਦੇ ਹਨ ਕਿ ਅਸੀਂ ਇੰਨੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਉਡੀਕ ਕਰ ਰਹੇ ਹਾਂ। ਫਿਰ ਪਰਗਟ ਸਿੰਘ ਕਹਿੰਦੇ ਹਨ ਕਿ ਕਿੰਨੇ ਲੋਕ ਇਕੱਠੇ ਹੋਏ ਹਨ, ਅੱਜ ਤਾ ਬੱਲੇ-ਬੱਲੇ ਹੋ ਗਈ। ਫਿਰ ਨਵਜੋਤ ਸਿੰਘ ਸਿੱਧੂ ਦੇ ਬਿਲਕੁਲ ਪਿੱਛੇ ਖੜ੍ਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਇਹ ਪ੍ਰੋਗਰਾਮ ਸਕਸੈਸ ਹੈ।
ਇਸ ‘ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਹਨ ਕਿ,’ਅਜੇ ਸਕਸੈਸ ਕਿੱਥੇ ? ਜੇ ਭਗਵੰਤ ਸਿੰਘ ਸਿੱਧੂ (ਨਵਜੋਤ ਸਿੰਘ ਸਿੱਧੂ ਦੇ ਪਿਤਾ) ਦੇ ਬੇਟੇ ਨੂੰ ਸੀਐਮ ਬਣਾਉਂਦੇ, ਤਾਂ ਫਿਰ ਦਿਖਾਉਂਦਾ ਸਕਸੈ। ਇਸ ਤੋਂ ਬਾਅਦ ਸਿੱਧੂ ਨੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਫਿਰ ਕਿਹਾ, ‘2022 ਵਿੱਚ ਇਹ ਕਾਂਗਰਸ ਨੂੰ ਡਬੋ ਦੇਵੇਗਾ।’ ਸਿੱਧੂ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਵੀ ਸਿੱਧੂ ‘ਤੇ ਨਿਸ਼ਾਨਾ ਸਾਧ ਰਹੇ ਹਨ।