ਨਿਊਜ਼ੀਲੈਂਡ ਦੇ ਰੇਡੀਓ ਵਿਰਸਾ ਦੇ ਮਾਲਕ ਅਤੇ ਵਿਵਾਦਤ ਰੇਡੀਓ ਜੌਕੀ ਹਰਨੇਕ ਸਿੰਘ ਨੇਕੀ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਉਹ ਖਬਰਾਂ ਦੇ ਵਿੱਚ ਹਨ। ਇਸ ਵਾਰ ਉਨ੍ਹਾਂ ਦਾ ਵਿਵਾਦ ਟੀਪੁੱਕੀ ਖੇਤਰ`ਚ ਕੀਵੀ ਫਰੂਟ ਦੀ ਖੇਤੀ ਕਰਦੇ ਟੀ-ਪੁਕੀ ਅਧਾਰਿਤ ਕੀਵੀ ਫਾਰਮਰ ਅਤੇ ਉੱਘੇ ਕਬੱਡੀ ਪ੍ਰਮੋਟਰ ਨਾਲ ਹੈ। ਟੀ-ਪੁਕੀ ਅਧਾਰਿਤ ਇੱਕ ਕੀਵੀ ਫਾਰਮਰ ਅਤੇ ਉੱਘੇ ਕਬੱਡੀ ਪ੍ਰਮੋਟਰ ਦੁਬਾਰਾ ਪ੍ਰਾਪਤ ਕੋਰਟ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਕਾਪੀ ਦੇ ਅਧਾਰ ‘ਤੇ ਮਿਲੀ ਜਾਣਕਾਰੀ ਅਨੁਸਾਰ ਆਕਲੈਂਡ ਦੇ ਵਿਵਾਦਤ ਰੇਡੀਓ ਪੇਸ਼ਕਾਰ ਹਰਨੇਕ ਨੇਕੀ ਵਲੋਂ ਉਕਤ ਖੇਡ ਪ੍ਰਮੋਟਰ ਅਤੇ ਫਾਰਮਰ ਨੂੰ ਨਿਸ਼ਾਨਾਂ ਬਣਾਕੇ 7 ਅਤੇ 8 ਅਗਸਤ ਨੂੰ ਕੁੱਝ ਪੋਸਟਾਂ ਆਪਣੇ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਹੈਂਡਲਜ਼ ਉੱਪਰ ਪਾਈਆਂ ਗਈਆਂ ਸਨ।
ਜਿਨ੍ਹਾਂ ਦੇ ਵਿੱਚ ਉਕਤ ਫਾਰਮਰ ਦੀ ਹੈਮਿਲਟਨ ਵਿੱਚ ਕਿਸੇ ਨਾਲ ਹੋਈ ਬਹਿਸਬਾਜੀ ਨੂੰ ਅਧਾਰ ਬਣਾਕੇ ਬਲਾਤਕਾਰੀ ਤੱਕ ਹੋਣ ਦੇ ਵਿਸ਼ੇਸ਼ਣ ਦਿੱਤੇ ਗਏ ਸਨ। ਜਿਸ ਦੇ ਅਧਾਰ ਤੇ ਇਸ ਫਾਰਮਰ ਵੱਲੋਂ ਆਪਣੇ ਵਕੀਲ ਦੇ ਰਾਹੀਂ ਹਾਰਮਫੁਲ ਡਿਜੀਟਲ ਕਮਨੀਕੇਸ਼ਨ ਐਕਟ 2015 , ਸੋਸ਼ਲ ਮੀਡੀਆ ਉੱਪਰ ਬਿਨਾ ਕਿਸੇ ਅਧਾਰ ‘ਤੇ ਤਸਵੀਰਾਂ ਪੋਸਟ ਕਰਨ ,ਨਾਮ ਵਰਤਣ ਅਤੇ ਬਲਾਤਕਾਰੀ ਵਰਗੇ ਝੂਠੇ ਆਰੋਪ ਲਾਉਣ ਦੇ ਤਹਿਤ ਅਪੀਲ ਕੀਤੀ ਸੀ। ਹੁਣ ਕੋਰਟ ਵੱਲੋਂ ਹਰਨੇਕ ਨੇਕੀ ਨੂੰ 25 ਦਿਨਾਂ ਵਿੱਚ ਆਪਣਾ ਪੱਖ ਪੇਸ਼ ਕਰਨ ਜਾਂ ਪੋਸਟਾਂ ਡਲੀਟ ਕਰਨ ਦੇ ਨਿਰਦੇਸ਼ ਜਾਰੀ ਹੋਏ ਹਨ। ਜਿਨ੍ਹਾਂ ਤੇ ਅਮਲ ਕਰਦਿਆਂ ਹਰਨੇਕ ਨੇਕੀ ਨੇ ਉਕਤ ਪੋਸਟਾਂ ਡਲੀਟ ਕਰ ਦਿੱਤੀਆਂ ਹਨ ਅਤੇ ਹੁਣ ਕੋਰਟ ਵੱਲੋਂ ਉਕਤ ਫਾਰਮਰ ਨੂੰ ਜੇਕਰ ਉਹ ਚਾਹੁੰਦੇ ਹਨ ਤਾਂ ਮਾਨਹਾਨੀ ਦਾ ਕੇਸ ਕਰਨ ਲਈ ਇੱਕ ਸਮਾਂ ਸੀਮਾ ਦਿੱਤੀ ਗਈ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਉਹ ਸਿਰਫ ਆਪਣੇ ਹੀ ਨਹੀਂ ਸਿੱਖਾਂ ਦੀ ਮਾਣਮੱਤੀ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਨੂੰ ਵੀ ਢਾਹ ਲਾਉਣ ਦਾ ਆਪਣੀ ਪੋਸਟ ਰਾਹੀਂ ਯਤਨ ਕਰਨ ਵਾਲੇ ਹਰਨੇਕ ਨੇਕੀ ਨੂੰ ਮਾਨਹਾਨੀ ਲਈ ਵੀ ਕੋਰਟ ਲੈਕੇ ਜਾਣਗੇ।
ਕਿਉਂਕ ਜਿੰਨੇ ਵੀ ਆਰੋਪ ਹਰਨੇਕ ਸਿੰਘ ਵੱਲੋਂ ਲਗਾਏ ਗਏ ਸਨ ,ਉਹ ਤੱਥਹੀਣ ਸਨ, ਐਨਾ ਹੀ ਨਹੀਂ ਉਹ ਸਮਾਜਿਕ ਅਤੇ ਸਪੋਰਟਸ ਦੇ ਖੇਤਰ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ ਨਿੱਜੀ ਚਰਿੱਤਰ ਉੱਪਰ ਵੀ ਸਵਾਲੀਆ ਨਿਸ਼ਾਨ ਸਨ , ਜਿਸ ਕਰਕੇ ਉਹ ਹਰ ਪੱਧਰ ਤੱਕ ਕਾਨੂੰਨੀ ਲੜਾਈ ਲੜਨਗੇ। ਇਸ ਤੋਂ ਇਲਾਵਾ ਜੋ ਇੱਕ ਉਨ੍ਹਾਂ ਦਾ ਮਾਮਲਾ ਹੈਮਿਲਟਨ ਵਿੱਚ ਹੋਇਆ ਸੀ , ਉਸ ਵਿੱਚ ਉਨ੍ਹਾਂ ਦੀ ਬਹਿਸ ਬਾਜੀ ਦੌਰਾਨ ਜੋ ਮਾਮਲਾ ਵਾਪਰਿਆ ਸੀ , ਉਸਦੇ ਪ੍ਰਤੱਖ ਦਰਸੀਆਂ ਦੇ ਬਿਆਨ ਪੁਲਿਸ ਕੋਲ ਦਰਜ ਹਨ।
ਮਿਲੀ ਜਾਣਕਾਰੀ ਅਨੁਸਾਰ ਸਿੱਖ ਭਾਈਚਾਰੇ ਦੀ ਇੱਕ ਸੰਸਥਾ ਵੱਲੋਂ ਵੀ ਕੁੱਝ ਰੇਡੀਓ ਪੇਸ਼ਕਾਰਾਂ ਅਤੇ ਸੋਸਲ ਮੀਡੀਆ ਰਾਹੀਂ ਕੂੜ ਪ੍ਰਚਾਰ ਕਰਨ ਵਾਲੇ ਲੋਕਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ , ਜਿਸ ਬਾਬਤ ਵਕੀਲਾਂ ਦੇ ਪੈਨਲ ਨਾਲ ਗੱਲਬਾਤ ਹੋ ਚੁੱਕੀ ਹੈ , ਤਾਂ ਕਿ ਲੋਕ ਸੋਸ਼ਲ ਮੀਡੀਆ ਨੂੰ ਵਰਤਦੇ ਸਮੇਂ ਮਿਆਰਾਂ ਅਤੇ ਮਾਪਦੰਡਾਂ ਦਾ ਧਿਆਨ ਰੱਖਣ, ਸੋ ਆਉਂਦੇ ਦਿਨਾਂ ਭਾਈਚਾਰੇ ਵਿੱਚ ਕੋਰਟ ਵਿੱਚ ਰੌਣਕਾਂ ਲੱਗਦੀਆਂ ਰਹਿਣਗੀਆਂ। ਦੱਸਣਯੋਗ ਹੈ ਕਿ ਹਰਨੇਕ ਸਿੰਘ ਨੇਕੀ ਅਕਸਰ ਹੀ ਸਿੱਖ ਇਤਿਹਾਸ ਬਾਰੇ ਗ਼ਲਤ ਬਿਆਨੀ ਕਰਦਾ ਹੈ ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਬਹੁਤ ਰੋਸ ਹੈ। ਹਰਨੇਕ ਨੇਕੀ ਨੂੰ ਜੂਨ 2018 ਵਿਚ ਪੰਥ ਵਿੱਚੋਂ ਛੇਕ ਦਿਤਾ ਗਿਆ ਸੀ।