ਕ੍ਰਿਕਟ ਜਗਤ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਕ ਸਟਾਰ ਕ੍ਰਿਕਟਰ ‘ਤੇ ਡੋਪਿੰਗ ਵਿਰੋਧੀ ਉਲੰਘਣਾ ਕਾਰਨ ਪਾਬੰਦੀ ਲਗਾਈ ਗਈ ਹੈ। ਇਸ ਖਿਡਾਰੀ ਦਾ ਨਾਂ ਨਿਰੋਸ਼ਨ ਡਿਕਵੇਲਾ ਹੈ। ਨਿਰੋਸ਼ਨ ਡਿਕਵੇਲਾ ‘ਤੇ ਲੰਕਾ ਪ੍ਰੀਮੀਅਰ ਲੀਗ 2024 (LPL) ਦੌਰਾਨ ਕਥਿਤ ਡੋਪਿੰਗ ਵਿਰੋਧੀ ਉਲੰਘਣਾ ਕਾਰਨ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਪਾਬੰਦੀ ਲਗਾਈ ਗਈ ਹੈ। ਸ਼੍ਰੀਲੰਕਾਈ ਕ੍ਰਿਕਟ ਸੂਤਰਾਂ ਮੁਤਾਬਿਕ ਜਾਂਚ ਜਾਰੀ ਰਹਿਣ ਤੱਕ ਵਿਕਟਕੀਪਰ ਬੱਲੇਬਾਜ਼ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲੱਗ ਸਕਦੀ ਹੈ। ਉਸ ਦੀ ਸਜ਼ਾ ਦੀ ਹੱਦ ਬਾਰੇ ਰਸਮੀ ਐਲਾਨ ਜਲਦੀ ਹੀ ਹੋਣ ਦੀ ਉਮੀਦ ਹੈ। ਰਿਪੋਰਟਾਂ ਮੁਤਾਬਿਕ ਨਿਰੋਸ਼ਨ ਡਿਕਵੇਲਾ ਘਰੇਲੂ ਟੀ-20 ਲੀਗ ਦੌਰਾਨ ਡੋਪਿੰਗ ਵਿਰੋਧੀ ਟੈਸਟ ‘ਚ ਫੇਲ ਹੋ ਗਿਆ ਸੀ। ਡਿਕਵੇਲਾ ਟੂਰਨਾਮੈਂਟ ਵਿੱਚ ਗਾਲੇ ਮਾਰਵੇਲਜ਼ ਦੇ ਕਪਤਾਨ ਸਨ। ਡਿਕਵੇਲਾ ਨੇ ਇਸ ਲੀਗ ਦੀਆਂ 10 ਪਾਰੀਆਂ ਵਿੱਚ 153.33 ਦੀ ਸਟ੍ਰਾਈਕ ਰੇਟ ਨਾਲ ਸਿਰਫ਼ 184 ਦੌੜਾਂ ਬਣਾਈਆਂ। ਡਿਕਵੇਲਾ ਦੀ ਟੀਮ ਵੀ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਸੀ, ਪਰ ਜਾਫਨਾ ਕਿੰਗਜ਼ ਤੋਂ ਉਸ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਡਿਕਵੇਲਾ ਨੇ ਫਾਈਨਲ ਵਿੱਚ ਅੱਠ ਗੇਂਦਾਂ ਵਿੱਚ ਸਿਰਫ਼ ਪੰਜ ਦੌੜਾਂ ਬਣਾਈਆਂ ਸਨ।
ਇਹ ਪਹਿਲੀ ਵਾਰ ਨਹੀਂ ਹੈ, ਨਿਰੋਸ਼ਨ ਡਿਕਵੇਲਾ ਇਸ ਤੋਂ ਪਹਿਲਾਂ ਵੀ ਵਿਵਾਦਾਂ ਵਿੱਚ ਘਿਰ ਚੁੱਕੇ ਹਨ। 2021 ਵਿੱਚ, ਡਿਕਵੇਲਾ ਨੂੰ ਇੰਗਲੈਂਡ ਵਿੱਚ ਬਾਇਓ-ਬਬਲ ਉਲੰਘਣਾ ਕਾਰਨ ਦਾਨੁਸ਼ਕਾ ਗੁਣਾਤਿਲਕਾ ਅਤੇ ਕੁਸਲ ਮੈਂਡਿਸ ਦੇ ਨਾਲ ਇੱਕ ਸਾਲ ਲਈ ਪਾਬੰਦੀ ਲਗਾਈ ਗਈ ਸੀ। ਇਸ ਤੋਂ ਬਾਅਦ ਉਹ ਕਾਫੀ ਸਮੇਂ ਤੱਕ ਟੀਮ ਤੋਂ ਬਾਹਰ ਰਹੇ। ਉਸਨੇ ਆਪਣਾ ਆਖਰੀ ਟੈਸਟ 2023 ਦੇ ਸ਼ੁਰੂ ਵਿੱਚ ਅਤੇ 2022 ਵਿੱਚ ਆਪਣਾ ਆਖਰੀ ਵ੍ਹਾਈਟ ਬਾਲ ਅੰਤਰਰਾਸ਼ਟਰੀ ਮੈਚ ਖੇਡਿਆ ਸੀ।