ਆਕਲੈਂਡ ‘ਚ ਜਲਦ ਨਵੀਂ ਲਿਕਰ ਪਾਲਸੀ ਲਾਗੂ ਹੋਣ ਜਾ ਰਹੀ ਹੈ। ਨਵੀ ਪਾਲਸੀ ਲਗਭਗ ਫਾਈਨਲ ਹੋ ਚੁੱਕੀ ਹੈ ਅਤੇ ਕ੍ਰਿਸਮਿਸ ਤੋਂ ਪਹਿਲਾਂ ਇਸ ਦੇ ਲਾਗੂ ਹੋਣ ਦੀ ਉਮੀਦ ਹੈ। ਨਵੀ ਪਾਲਸੀ ਬਾਰੇ ਕਿਹਾ ਗਿਆ ਹੈ ਕਿ ਇਸ ਦਾ ਮਕਸਦ ਅਲਕੋਹਲ ਸਬੰਧੀ ਹੁੰਦੇ ਅਪਰਾਧਾਂ ਨੂੰ ਘਟਾਉਣਾ ਹੈ। ਇਸ ਨਵੀਂ ਪਾਲਸੀ ਨੂੰ ਲਾਗੂ ਕਰਨ ਦਾ ਐਲਾਨ 29 ਅਗਸਤ ਨੂੰ ਆਕਲੈਂਡ ਦੇ ਮੇਅਰ ਤੇ ਕਾਉਂਸਲਰ ਵੱਲੋਂ ਸਾਂਝੇ ਰੂਪ ‘ਚ ਕੀਤਾ ਜਾਵੇਗਾ। ਪਾਲਸੀ ਤਹਿਤ ਅਲਕੋਹਲ ਦੀ ਵਿਕਰੀ ਤੇ 9 ਵਜੇ ਤੋਂ ਬਾਅਦ ਪਬੰਧੀ ਹੋਵੇਗੀ। ਜਿਨ੍ਹਾਂ ਇਲਾਕਿਆਂ ‘ਚ ਠੇਕਿਆਂ ਦੀ ਗਿਣਤੀ ਜਿਆਦਾ ਹੈ ਜਾਂ ਸੀਬੀਡੀ ਜਾਂ ਆਕਲੈਂਡ ਸੈਂਟਰਲ ਦੇ ਇਲਾਕੇ ਉੱਥੇ ਨਵੇਂ ਠੇਕੇ ਨਹੀਂ ਖੋਲਣ ਦਿੱਤੇ ਜਾਣਗੇ। ਇੱਕ ਰਿਪੋਰਟ ਅਨੁਸਾਰ ਸਾਊਥ ਆਕਲੈਂਡ ਦੇ 13 ਉਪਨਗਰ: ਟਾਕਾਨਿਨੀ, ਪੁਕੀਕੁਹੀ, ਪਾਪਾਕੂਰਾ, ਪਾਪਾਟੋਏਟੋਏ, ਮੇਨੂਰੇਵਾ, ਓਟਾਰਾ, ਉਟਾਹੂਹੂ, ਮੇਨੂਕਾਊ, ਮੈਂਗਰੀ ਈਸਟ, ਮੈਂਗਰੀ, ਹੰਟਰਜ਼ ਕੋਰਨਰ, ਵੀਰੀ, ਵੇਮਾਉਥ ਨੂੰ ‘ਪ੍ਰਾਇਓਰਟੀ ਓਵਰਲੇ ਏਰੀਆ’ ਦੀ ਸੂਚੀ ‘ਚ ਰੱਖਿਆ ਗਿਆ ਹੈ, ਇਹ ਉਹ ਇਲਾਕੇ ਹਨ ਜਿੱਥੇ ਅਲਕੋਹਲ ਸਬੰਧੀ ਅਪਰਾਧਿਕ ਘਟਨਾਵਾਂ ਜਿਆਦਾ ਵਾਪਰਦੀਆਂ ਹਨ, ਹੁਣ ਨਾ ਤਾਂ ਇੱਥੇ ਨਵੇਂ ਆਫ-ਲਾਇਸੈਂਸ ਜਾਰੀ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਅਲਕੋਹਲ ਦੀ ਵਿਕਰੀ ਸਬੰਧੀ ਵਿਸ਼ੇਸ਼ ਸਖਤ ਹਿਦਾਇਤਾਂ ਵੀ ਲਾਗੂ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਪਾਲਸੀ ਨੂੰ ਸਿਰੇ ਚੜਾਉਣ ਲਈ ਦ ਅਲਕੋਹਲ ਰੇਗੁਲੇਟਰੀ ਐਂਡ ਲਾਇਸੈਂਸਿੰਗ ਕਮੇਟੀ ਨੇ ਲੰਬੀ ਕਾਨੂੰਨੀ ਲੜ੍ਹਾਈ ਲੜੀ ਹੈ।
![new liquor policy in south auckland nz](https://www.sadeaalaradio.co.nz/wp-content/uploads/2024/08/WhatsApp-Image-2024-08-16-at-11.30.03-PM-950x497.jpeg)