ਪੈਰਿਸ ਓਲੰਪਿਕ ‘ਚ ਹਾਕੀ ਦਾ ਜ਼ਬਰਦਸਤ ਪ੍ਰਦਰਸ਼ਨ ਕਰਕੇ ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਸੈਮੀਫਾਈਨਲ ਮੈਚ 6 ਅਗਸਤ ਨੂੰ ਹੈ, ਜਿੱਥੇ ਭਾਰਤ ਦਾ ਸਾਹਮਣਾ ਜਰਮਨੀ ਨਾਲ ਹੋਵੇਗਾ। ਹਾਲਾਂਕਿ ਉਸ ਵੱਡੇ ਮੈਚ ਤੋਂ ਪਹਿਲਾਂ ਇਹ ਖਬਰ ਭਾਰਤੀ ਟੀਮ ਲਈ ਚੰਗੀ ਨਹੀਂ ਹੈ। ਜਿਸ ਦਾ ਡਰ ਸੀ ਉਹੀ ਉਸ ਨਾਲ ਹੋਇਆ ਹੈ। ਸੈਮੀਫਾਈਨਲ ‘ਚ ਭਾਰਤ ਨੂੰ ਆਪਣੇ ਸਭ ਤੋਂ ਤਜਰਬੇਕਾਰ ਡਿਫੈਂਡਰ ਅਮਿਤ ਰੋਹੀਦਾਸ ਤੋਂ ਬਿਨਾਂ ਖੇਡਣਾ ਪਏਗਾ। ਅਜਿਹਾ ਇਸ ਲਈ ਕਿਉਂਕਿ ਭਾਰਤ ਦੇ ਸਟਾਰ ਡਿਫੈਂਡਰ ‘ਤੇ 1 ਮੈਚ ਲਈ ਪਾਬੰਦੀ ਲਗਾਈ ਗਈ ਹੈ।
ਭਾਰਤੀ ਡਿਫੈਂਡਰ ਅਮਿਤ ਰੋਹੀਦਾਸ ਨੂੰ ਗ੍ਰੇਟ ਬ੍ਰਿਟੇਨ ਦੇ ਖਿਲਾਫ ਕੁਆਰਟਰ ਫਾਈਨਲ ਮੈਚ ਵਿੱਚ ਰੈੱਡ ਕਾਰਡ ਦਿਖਾਇਆ ਗਿਆ ਸੀ। ਦਰਅਸਲ ਮੈਚ ਦੌਰਾਨ ਅਮਿਤ ਦੀ ਹਾਕੀ ਸਟਿੱਕ ਗ੍ਰੇਟ ਬ੍ਰਿਟੇਨ ਦੇ ਇਕ ਖਿਡਾਰੀ ਦੇ ਚਿਹਰੇ ‘ਤੇ ਲੱਗੀ ਸੀ, ਜਿਸ ਕਾਰਨ ਉਸ ਨੂੰ ਰੈੱਡ ਕਾਰਡ ਮਿਲਿਆ ਸੀ। ਲਾਲ ਕਾਰਡ ਮਿਲਣ ਤੋਂ ਬਾਅਦ ਅਮਿਤ ਰੋਹੀਦਾਸ ਉਸ ਪੂਰੇ ਮੈਚ ਤੋਂ ਬਾਹਰ ਰਹੇ ਸੀ। ਪਰ ਹੁਣ ਅਮਿਤ ਸੈਮੀਫਾਈਨਲ ਮੈਚ ਵੀ ਨਹੀਂ ਖੇਡੇਗਾ। ਹਾਕੀ ‘ਚ ਰੈੱਡ ਕਾਰਡ ਮਿਲਣ ‘ਤੇ ਕਿਸੇ ਖਿਡਾਰੀ ‘ਤੇ ਇਕ ਮੈਚ ਲਈ ਪਾਬੰਦੀ ਲੱਗਣੀ ਕੋਈ ਨਵੀਂ ਗੱਲ ਨਹੀਂ ਹੈ। ਹਾਲਾਂਕਿ ਭਾਰਤੀ ਹਾਕੀ ਫੈਡਰੇਸ਼ਨ ਵੱਲੋਂ ਅਜਿਹਾ ਨਾ ਹੋਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਸੀ। ਪਰ, ਐਫਆਈਐਚ ਨੇ ਭਾਰਤੀ ਫੈਡਰੇਸ਼ਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਅਮਿਤ ਰੋਹੀਦਾਸ ‘ਤੇ ਪਾਬੰਦੀ ਲਗਾ ਦਿੱਤੀ।