ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਅਤੇ ਟੀਮ ਇੰਡੀਆ ਦੇ ਕੋਚ ਅੰਸ਼ੁਮਨ ਗਾਇਕਵਾੜ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਹ 71 ਸਾਲ ਦੇ ਸਨ। ਅੰਸ਼ੁਮਨ ਗਾਇਕਵਾੜ ਲੰਬੇ ਸਮੇਂ ਤੋਂ ਬਲੱਡ ਕੈਂਸਰ ਤੋਂ ਪੀੜਤ ਸਨ ਅਤੇ ਲੰਡਨ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰ ਇਕ ਸਮੇਂ ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਦੇ ਮਾਰੂ ਤੇਜ਼ ਗੇਂਦਬਾਜ਼ਾਂ ਦਾ ਬਹਾਦਰੀ ਨਾਲ ਸਾਹਮਣਾ ਕਰਨ ਵਾਲਾ ਇਹ ਮਹਾਨ ਬੱਲੇਬਾਜ਼ ਜ਼ਿੰਦਗੀ ਦੀ ਲੜਾਈ ਹਾਰ ਗਿਆ। ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੰਸ਼ੁਮਨ ਗਾਇਕਵਾੜ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਭਾਰਤੀ ਕ੍ਰਿਕਟ ਲਈ ਸਦਮਾ ਦੱਸਿਆ ਹੈ।
ਅੰਸ਼ੂਮਨ ਗਾਇਕਵਾੜ, ਜੋ 1970-80 ਦੇ ਦਹਾਕੇ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਹੇ ਸੀ, ਦਾ ਲੰਡਨ ਦੇ ਕਿੰਗਜ਼ ਕਾਲਜ ਹਸਪਤਾਲ ਵਿੱਚ ਬਲੱਡ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਸਾਬਕਾ ਕਪਤਾਨ ਕਪਿਲ ਦੇਵ ਅਤੇ ਸੰਦੀਪ ਪਾਟਿਲ ਵਰਗੇ ਸਾਥੀਆਂ ਨੇ ਬੀਸੀਸੀਆਈ ਨੂੰ ਉਨ੍ਹਾਂ ਦੇ ਇਲਾਜ ਲਈ ਵਿੱਤੀ ਮਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਬੀਸੀਸੀਆਈ ਨੇ 14 ਜੁਲਾਈ ਨੂੰ ਗਾਇਕਵਾੜ ਦੇ ਇਲਾਜ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਅੰਸ਼ੂਮਨ ਗਾਇਕਵਾੜ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੇਹੱਦ ਦੁਖੀ ਹੋਏ। ‘ਐਕਸ’ ‘ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਅੰਸ਼ੂਮਨ ਗਾਇਕਵਾੜ ਨੂੰ ‘ਪ੍ਰਤਿਭਾਸ਼ਾਲੀ ਖਿਡਾਰੀ’ ਅਤੇ ਮਹਾਨ ਕੋਚ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।