ਪਾਕਿਸਤਾਨ ਦੇ ਪ੍ਰਸਿੱਧ ਕਾਮੇਡੀਅਨ ਅਤੇ ਟੈਲੀਵਿਜ਼ਨ ਸ਼ਖਸੀਅਤ ਉਮਰ ਸ਼ਰੀਫ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 66 ਸਾਲ ਸੀ। ਪਾਕਿਸਤਾਨੀ ਅਖਬਾਰ ਦੇ ਅਨੁਸਾਰ, ਉਮਰ ਸ਼ਰੀਫ ਨੇ ਜਰਮਨੀ ਵਿੱਚ ਆਖਰੀ ਸਾਹ ਲਿਆ, ਜਿੱਥੇ ਉਨ੍ਹਾਂ ਨੂੰ ਇਲਾਜ ਲਈ ਲਿਜਾਇਆ ਗਿਆ ਸੀ। ਪਿਛਲੇ ਸਾਲ ਉਨ੍ਹਾਂ ਦੀ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ ਅਤੇ ਉਦੋਂ ਤੋਂ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ ਜਿਸ ਵਿੱਚ ਭੁੱਲਣਾ ਵੀ ਸ਼ਾਮਿਲ ਸੀ। ਉਮਰ ਸ਼ਰੀਫ ਦੇ ਇੱਕ ਕਰੀਬੀ ਦੋਸਤ ਦੇ ਅਨੁਸਾਰ, ਉਨ੍ਹਾਂ ਨੂੰ ਅਗਸਤ ਦੇ ਮਹੀਨੇ ਵਿੱਚ ਦਿਲ ਦਾ ਦੌਰਾ ਵੀ ਪਿਆ ਸੀ। ਉਨ੍ਹਾਂ ਦੀ ਦੋ ਵਾਰ ਬਾਈਪਾਸ ਸਰਜਰੀ ਵੀ ਹੋਈ ਸੀ। ਉਨ੍ਹਾਂ ਨੂੰ ਕਾਮੇਡੀਅਨ, ਅਦਾਕਾਰ ਅਤੇ ਨਿਰਮਾਤਾ ਦੇ ਰੂਪ ਵਿੱਚ ਮਨੋਰੰਜਨ ਜਗਤ ਵਿੱਚ ਯੋਗਦਾਨ ਲਈ ਤਮਗਾ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਗਿਆ ਸੀ।
Alvida legend 🙏may your soul Rest In Peace 🙏🙏🙏 #UmerShareef pic.twitter.com/ks4vS4rdL0
— Kapil Sharma (@KapilSharmaK9) October 2, 2021
ਅਦਾਕਾਰ ਅਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਉਮਰ ਸ਼ਰੀਫ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਇੱਕ ਤਸਵੀਰ ਸਾਂਝੀ ਕਰਦਿਆਂ, ਉਨ੍ਹਾਂ ਨੇ ਟਵੀਟ ਕੀਤਾ, “ਅਲਵਿਦਾ ਲੇਜੈਂਡ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।” ਰਿਪੋਰਟ ਅਨੁਸਾਰ 28 ਸਤੰਬਰ ਨੂੰ ਉਮਰ ਸ਼ਰੀਫ ਨੂੰ ਏਅਰ ਐਂਬੂਲੈਂਸ ਰਾਹੀਂ ਅਮਰੀਕਾ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਉਨ੍ਹਾਂ ਦੀ ਸਿਹਤ ਵਿਗੜ ਗਈ। ਅਜਿਹੇ ਵਿੱਚ ਜਰਮਨੀ ਵਿੱਚ ਰਹਿਣ ਦੇ ਦੌਰਾਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਾਲ ਹੀ ਵਿੱਚ, ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਵੀਜ਼ਾ ਪ੍ਰਾਪਤ ਕਰਨ ਵਿੱਚ ਸਹਾਇਤਾ ਮੰਗੀ ਸੀ ਤਾਂ ਜੋ ਉਹ ਇਲਾਜ ਲਈ ਵਿਦੇਸ਼ ਜਾ ਸਕਣ।