ਪੈਰਿਸ ਓਲੰਪਿਕ 2024 ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਤਾਜ਼ਾ ਵਿਵਾਦ ਉਥੋਂ ਦੇ ਈਵੈਂਟ ਨਾਲ ਨਹੀਂ, ਸਗੋਂ ਇਸ ਖੇਡ ਵਿੱਚ ਸ਼ਾਮਿਲ ਦੋ ਟੀਮਾਂ ਨਾਲ ਜੁੜਿਆ ਹੋਇਆ ਹੈ। ਦਰਅਸਲ ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ‘ਤੇ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਊਜ਼ੀਲੈਂਡ ਦੀ ਮਹਿਲਾ ਫੁੱਟਬਾਲ ਟੀਮ ਦੀ ਜਾਸੂਸੀ ਕਰਨ ਦੇ ਦੋਸ਼ ਲੱਗੇ ਹਨ। ਇਸ ਘਟਨਾ ਨੂੰ ਲੈ ਕੇ ਕੈਨੇਡੀਅਨ ਓਲੰਪਿਕ ਐਸੋਸੀਏਸ਼ਨ ਨੂੰ ਮੁਆਫੀ ਵੀ ਮੰਗਣੀ ਪਈ ਹੈ।
ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਿਕ ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਓਲੰਪਿਕ ‘ਚ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਖਿਲਾਫ ਖੇਡੇਗੀ। ਇਹ ਮੈਚ 25 ਜੁਲਾਈ ਨੂੰ ਹੋਣ ਜਾ ਰਿਹਾ ਹੈ। ਨਿਊਜ਼ੀਲੈਂਡ ਦੀ ਟੀਮ ਇਸ ਮੈਚ ਲਈ ਟ੍ਰੇਨਿੰਗ ਸੈਸ਼ਨ ਵਿੱਚ ਹਿੱਸਾ ਲੈ ਰਹੀ ਸੀ। ਇਸ ਦੌਰਾਨ ਉੱਥੇ ਇੱਕ ਡਰੋਨ ਉੱਡਦਾ ਦੇਖਿਆ ਗਿਆ। ਇਸ ਬਾਰੇ ਨਿਊਜ਼ੀਲੈਂਡ ਦੇ ਸਟਾਫ ਨੇ ਸ਼ਿਕਾਇਤ ਕੀਤੀ ਸੀ। ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਡਰੋਨ ਕੈਨੇਡਾ ਦੀ ਫੁੱਟਬਾਲ ਟੀਮ ਦੇ ਸਟਾਫ ਨੇ ਉਡਾਇਆ ਸੀ। ਉੱਥੇ ਹੀ ਓਲੰਪਿਕ ਕਮੇਟੀ ਨੇ ਕਾਰਵਾਈ ਕਰਦਿਆਂ ਕੈਨੇਡਾ ਦੀ ਟੀਮ ਦੇ ਅਸੀਸਟੈਂਟ ਕੋਚ ਅਤੇ ਕਈ ਹੋਰ ਅਧਿਕਾਰੀਆਂ ਨੂੰ ਵਾਪਿਸ ਕੈਨੇਡਾ ਭੇਜ ਦਿੱਤਾ ਹੈ।