ਨੇਪਾਲ ਦੇ ਕਾਠਮੰਡੂ ਦੇ ਤ੍ਰਿਭੁਵਨ ਹਵਾਈ ਅੱਡੇ ‘ਤੇ ਉਡਾਣ ਭਰਨ ਦੌਰਾਨ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਜਹਾਜ਼ ‘ਚ 18 ਯਾਤਰੀ ਸਵਾਰ ਸਨ। ਇਨ੍ਹਾਂ ਸਾਰੇ 18 ਯਾਤਰੀਆਂ ਦੀ ਹਾਦਸੇ ਤੋਂ ਬਾਅਦ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਦਸੇ ‘ਚ ਪਾਇਲਟ ਦੀ ਜਾਨ ਬਚ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇਪਾਲ ਦੇ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਜਾਣਕਾਰੀ ਮੁਤਾਬਿਕ ਇਹ ਜਹਾਜ਼ ਸੂਰਿਆ ਏਅਰਲਾਈਨਜ਼ ਦਾ ਏਅਰਕ੍ਰਾਫਟ ਨੰਬਰ 9N – AME (CRJ 200) ਸੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਜਹਾਜ਼ ਟੇਕਆਫ ਦੌਰਾਨ ਰਨਵੇ ‘ਤੇ ਫਿਸਲ ਗਿਆ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਜਹਾਜ਼ ‘ਚੋਂ ਅੱਗ ਦੀਆਂ ਲਪਟਾਂ ਵੀ ਉੱਠਦੀਆਂ ਦੇਖੀਆਂ ਗਈਆਂ। ਹਾਦਸੇ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਓਲੀ ਵੀ ਮੌਕੇ ‘ਤੇ ਪਹੁੰਚ ਗਏ ਹਨ।