ਊਬਰ ਕੰਪਨੀ ਨੂੰ ਇੱਕ ਆਸਟ੍ਰੇਲੀਅਨ ਪੰਜਾਬੀ ਡਰਾਈਵਰ ਨੂੰ ਹਰਜਾਨੇ ਵਿੱਚ $10,000 ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ ਕਿਉਂਕਿ ਕੰਪਨੀ ਨੇ ਇੱਕ ਯਾਤਰੀ ਦੀ ਸ਼ਿਕਾਇਤ ਦੇ ਕਾਰਨ ਪੰਜਾਬੀ ਨੂੰ ਕੰਮ ਕਰਨ ਤੋਂ ਪੱਕੇ ਤੌਰ ‘ਤੇ ਕੱਢ ਦਿੱਤਾ ਸੀ ਪਰ ਕੰਪਨੀ ਸਬੂਤ ਇਕੱਠੇ ਕਰਨ ਵਿੱਚ ਅਸਫਲ ਰਹੀ ਕਿ ਉਸਨੇ ਕੰਪਨੀ ਦੇ ਜ਼ਾਬਤੇ ਦੀ ਉਲੰਘਣਾ ਕੀਤੀ ਸੀ। ਇਸੇ ਕਾਰਨ ਟ੍ਰਿਬਿਊਨਲ ਨੇ ਪੰਜਾਬੀ ਡਰਾਈਵਰ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ ਤੇ ਕਿਹਾ ਕਿ ਹੈ ਕਿ ਕੰਪਨੀ ਡਰਾਈਵਰ ਨੂੰ $10,000 ਅਦਾ ਕਰੇ। ਨਿਊ ਸਾਊਥ ਵੇਲਜ਼ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਦਾ ਇਹ ਹੁਕਮ ਪਿਛਲੇ ਸਾਲ ਅਗਸਤ ਵਿੱਚ ਟਰਿੱਪ ਤੋਂ ਬਾਅਦ ਡਰਾਈਵਰ ਦੇ ਖਾਤੇ ਨੂੰ ਬੰਦ ਕਰਨ ਵਾਲੇ ਊਬਰ ਦੇ ਵਿਹਾਰ ਨਾਲ ਸਬੰਧਿਤ ਹੈ।
ਇੱਕ ਰਿਪੋਰਟ ਅਨੁਸਾਰ ਮਹਿਲਾ ਗ੍ਰਾਹਕ ਨੇ ਸ਼ਿਕਾਇਤ ‘ਚ ਇਲਜ਼ਾਮ ਲਾਇਆ ਸੀ ਕਿ ਡਰਾਈਵਰ ਨੇ ਉਸ ਨੂੰ ਇਹ ਕਿਹਾ ਸੀ ਕਿ ਉਹ ਖੂਬਸੂਰਤ ਹੈ ਅਤੇ ਕੀ ਉਹ ਵਿਆਹੀ ਹੈ ਜਾਂ ਨਹੀਂ। ਉੱਥੇ ਹੀ ਪੰਜਾਬੀ ਨੌਜਵਾਨ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਸਿਡਨੀ ਏਅਰਪੋਰਟ ਦੀ ਟਰਿੱਪ ਦੌਰਾਨ ਮਹਿਲਾ ਨੇ ਉਸਨੂੰ ਤੇਜੀ ਨਾਲ ਗੱਡੀ ਚਲਾਉਣ ਲਈ ਕਿਹਾ ਸੀ ਪਰ ਡਰਾਈਵਰ ਨੇ ਨਾਂਹ ਕਰ ਦਿੱਤੀ ਸੀ ਇਸੇ ਕਾਰਨ ਮਹਿਲਾ ਯਾਤਰੀ ਨੇ ਨਾਖੁਸ਼ ਹੋ ਉਸਦੀ ਸ਼ਿਕਾਇਤ ਕਰ ਦਿੱਤੀ ਸੀ।