ਅਰਸ਼ਦੀਪ ਸਿੰਘ ਟੀ-20 ਵਿਸ਼ਵ ਕੱਪ 2024 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਰਿਹਾ। ਅਰਸ਼ਦੀਪ ਨੇ 8 ਮੈਚਾਂ ‘ਚ 17 ਵਿਕਟਾਂ ਲੈ ਕੇ ਟੀਮ ਇੰਡੀਆ ਨੂੰ ਵਿਸ਼ਵ ਚੈਂਪੀਅਨ ਬਣਾਉਣ ‘ਚ ਅਹਿਮ ਯੋਗਦਾਨ ਪਾਇਆ। ਫਾਈਨਲ ‘ਚ ਵੀ ਅਰਸ਼ਦੀਪ ਨੇ 4 ਓਵਰਾਂ ‘ਚ ਸਿਰਫ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਜਦੋਂ ਅੱਜ ਅਰਸ਼ਦੀਪ ਆਪਣੇ ਸ਼ਹਿਰ ਮੋਹਾਲੀ ਪਹੁੰਚਿਆ ਤਾਂ ਅਰਸ਼ਦੀਪ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਰਸ਼ਦੀਪ ਸਿੰਘ ਸ਼ਨੀਵਾਰ ਸ਼ਾਮ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ, ਜਿੱਥੇ ਉਸ ਦੇ ਸਵਾਗਤ ਲਈ ਪਹਿਲਾਂ ਤੋਂ ਹੀ ਭੀੜ ਇਕੱਠੀ ਹੋ ਗਈ ਸੀ।
ਏਅਰਪੋਰਟ ‘ਤੇ ਅਰਸ਼ਦੀਪ ਦੇ ਮਾਤਾ-ਪਿਤਾ, ਉਸ ਦਾ ਕੋਚ, ਪੰਜਾਬ ਸਰਕਾਰ ਦੇ ਕੁਝ ਅਧਿਕਾਰੀ ਅਤੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਵੀ ਮੌਜੂਦ ਸਨ। ਪ੍ਰਸ਼ੰਸਕਾਂ ਨੇ ਅਰਸ਼ਦੀਪ ਦੇ ਸਮਰਥਨ ‘ਚ ਨਾਅਰੇਬਾਜ਼ੀ ਕੀਤੀ ਅਤੇ ਢੋਲ ‘ਤੇ ਨੱਚਦੇ ਵੀ ਨਜ਼ਰ ਆਏ। ਭਾਰਤ ਦੀ ਇਤਿਹਾਸਕ ਜਿੱਤ ‘ਤੇ ਅਰਸ਼ਦੀਪ ਸਿੰਘ ਨੇ ਕਿਹਾ- ਇੰਨੇ ਗਰਮਜੋਸ਼ੀ ਨਾਲ ਸਵਾਗਤ ਕਰਕੇ ਮੈਂ ਬਹੁਤ ਖੁਸ਼ ਹਾਂ। ਦਿੱਲੀ ਹੋਵੇ, ਮੁੰਬਈ ਹੋਵੇ ਜਾਂ ਚੰਡੀਗੜ੍ਹ, ਹਰ ਪਾਸੇ ਪ੍ਰਸ਼ੰਸਕਾਂ ਦਾ ਸਮਰਥਨ ਸ਼ਾਨਦਾਰ ਰਿਹਾ ਹੈ। ਵਿਸ਼ਵ ਕੱਪ ਜਿੱਤਣਾ ਇਕ ਸੁਪਨੇ ਵਰਗਾ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪਿਆਰ ਮਿਲਣਾ ਇਕ ਵਧੀਆ ਅਨੁਭਵ ਹੈ।