ਬਾਲੀਵੁੱਡ ਦੇ ਖਿਲਾੜੀ ਯਾਨੀ ਅਕਸ਼ੈ ਕੁਮਾਰ ਆਪਣੀਆਂ ਦਮਦਾਰ ਫਿਲਮਾਂ ਦੇ ਨਾਲ-ਨਾਲ ਆਪਣੀ ਦਰਿਆਦਿਲੀ ਲਈ ਵੀ ਕਾਫੀ ਸੁਰਖੀਆਂ ਬਟੋਰਦੇ ਹਨ। ਅਦਾਕਾਰ ਨੂੰ ਅਕਸਰ ਲੋੜਵੰਦਾਂ ਦੀ ਮਦਦ ਕਰਦੇ ਦੇਖਿਆ ਜਾਂਦਾ ਹੈ। ਇਕ ਵਾਰ ਫਿਰ ਅਕਸ਼ੇ ਨੇ ਅਜਿਹਾ ਹੀ ਕੁਝ ਕੀਤਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਪੰਜਾਬੀ ਗਾਇਕ ਗਲੋਰੀ ਬਾਵਾ ਦੀ ਮਦਦ ਕੀਤੀ ਹੈ। ਗਲੋਰੀ ਬਾਵਾ ਮਸ਼ਹੂਰ ਪੰਜਾਬੀ ਲੋਕ ਗਾਇਕ ਅਤੇ ਪਦਮ ਭੂਸ਼ਣ ਐਵਾਰਡੀ ਮਰਹੂਮ ਗੁਰਮੀਤ ਬਾਵਾ ਦੀ ਬੇਟੀ ਹਨ। ਆਰਥਿਕ ਸੰਕਟ ਨਾਲ ਜੂਝ ਰਹੇ ਗਲੋਰੀ ਬਾਵਾ ਨੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਸੀ। ਜਦੋਂ ਅਕਸ਼ੇ ਕੁਮਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗਲੋਰੀ ਬਾਵਾ ਦੀ ਮਦਦ ਲਈ ਅੱਗੇ ਆਏ। ਇਸ ਔਖੇ ਸਮੇਂ ਨੂੰ ਪਾਰ ਕਰਨ ਲਈ ਅਕਸ਼ੈ ਨੇ 25 ਲੱਖ ਰੁਪਏ ਦਾਨ ਕੀਤੇ ਹਨ।
ਇੱਕ ਇੰਟਰਵਿਊ ਵਿੱਚ, ਗਲੋਰੀ ਬਾਵਾ ਨੇ ਕਿਹਾ, “ਮੈਂ ਇਹ ਨਹੀਂ ਦੱਸ ਸਕਦੀ ਕਿ ਉਨ੍ਹਾਂ ਨੇ ਮੇਰੀ ਕਿੰਨੀ ਮਦਦ ਕੀਤੀ ਹੈ। ਅਕਸ਼ੈ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਕੁਮਾਰ ਨੇ ਇਸ ਨੂੰ ਮਦਦ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਉਹ ਚੀਜ਼ ਹੈ ਜੋ ਕੋਈ ਵੀ ਭਰਾ ਆਪਣੀ ਭੈਣ ਲਈ ਕਰੇਗਾ।”