ਭਾਰਤੀ ਖੇਡਾਂ ਦੇ ਮੌਜੂਦਾ ਦੌਰ ‘ਚ ਦੁਨੀਆਂ ਭਰ ’ਚ ਪੰਜਾਬ ਦਾ ਦਬਦਬਾ ਨਜ਼ਰ ਆ ਰਿਹਾ ਹੈ। ਫਿਰ ਚਾਹੇ ਉਹ ਕ੍ਰਿਕਟ ਦੀ ਟੀਮ ਹੋਵੇ, ਫ਼ੁੱਟਬਾਲ ਹੋਵੇ ਜਾਂ ਫਿਰ ਭਾਰਤੀ ਹਾਕੀ। ਦਰਅਸਲ, ਇਸ ਸਮੇਂ ਦੇਸ਼ ਦੀਆਂ ਚਾਰ ਕੌਮੀ ਟੀਮਾਂ ਦੀ ਕਪਤਾਨੀ ਪੰਜਾਬ ਦੇ ਖਿਡਾਰੀਆਂ ਦੇ ਹੱਥ ਆਈ ਹੈ। ਕੁੱਝ ਦਿਨ ਪਹਿਲਾਂ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਪੁਰਸ਼ ਟੀਮ ਹੁਣ ਜਿੰਮਬਾਵੇ ਟੂਰ ਲਈ ਜਾਵੇਗੀ ਤਾਂ ਉਸ ਸਮੇਂ ਇਸ ਦੀ ਕਪਤਾਨੀ ਪੰਜਾਬੀ ਦੇ ਨੌਜਵਾਨ ਸ਼ੁਭਮਨ ਗਿੱਲ ਦੇ ਹੱਥ ਹੋਵੇਗੀ। ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਪਹਿਲਾਂ ਹੀ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਹੈ। ਕ੍ਰਿਕਟ ਤੋਂ ਇਲਾਵਾ ਭਾਰਤੀ ਹਾਕੀ ਟੀਮ ਦੀ ਅਗਵਾਈ ਪੰਜਾਬੀ ਖਿਡਾਰੀ ਹਰਮਨਪ੍ਰੀਤ ਸਿੰਘ ਕਰ ਰਹੇ ਹਨ। ਉਲੰਪਿਕ ‘ਚ ਵੀ ਟੀਮ ਦੀ ਕਮਾਨ ਹਰਮਨਪ੍ਰੀਤ ਸਿੰਘ ਕੋਲ ਰਹੇਗੀ। ਉੱਥੇ ਹੀ ਭਾਰਤ ਦੀ ਫ਼ੁੱਟਬਾਲ ਟੀਮ ਦੀ ਕਪਤਾਨੀ ਵੀ ਪੰਜਾਬ ਦੇ ਖਿਡਾਰੀ ਗੁਰਪ੍ਰੀਤ ਸਿੰਘ ਸੰਧੂ ਕਰ ਰਹੇ ਹਨ। ਹੁਣ ਹਰ ਪਾਸੇ ਇੰਨਾ ਚਾਰਾਂ ਪੰਜਾਬੀਆਂ ਦੀ ਸ਼ੁਰੂਆਤ ਅਤੇ ਪ੍ਰਾਪਤੀਆਂ ਦੀਆਂ ਗੱਲਾਂ ਹਰ ਪਾਸੇ ਹੋ ਰਹੀਆਂ ਹਨ।
