ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ। ਇਮੀਗ੍ਰੇਸ਼ਨ ਨੇ 20 ਸਾਲ ਤੋਂ ਨਿਊਜ਼ੀਲੈਂਡ ‘ਚ ਰਹਿੰਦੇ 1 ਜੋੜੇ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਹਨ। ਇਮੀਗ੍ਰੇਸ਼ਨ ਮੁਤਾਬਿਕ ਲਾਓਸੀ ਲਾਟੁ ਤੇ ਉਨ੍ਹਾਂ ਦੇ ਪਤੀ ਓਵਰਸਟੇਅ ਹਨ ਜਿਸਦੇ ਚੱਲਦਿਆਂ ਉਨ੍ਹਾਂ ਨੂੰ ਦੇਸ਼ ਛੱਡਣਾ ਪਏਗਾ। ਇੱਕ ਸਥਾਨਕ ਰਿਪੋਰਟ ਮੁਤਾਬਿਕ ਲਾਓਸੀ ਲਾਟੁ ਜਿਸਦੇ ਪੁੱਤ-ਪੋਤੇ, ਦੋਹਤੇ-ਦੋਹਤੀਆਂ ਸਾਰੇ ਇੱਥੇ ਹੀ ਹਨ ਤੇ ਉਹ ਬੀਤੇ ਲੰਬੇ ਸਮੇਂ ਤੋਂ ਮਾਨਸਿਕ ਤੇ ਸ਼ਰੀਰਿਕ ਤੌਰ ‘ਤੇ ਬਿਮਾਰ ਆਪਣੇ ਭਰਾ ਦੀ ਸਾਂਭ-ਸੰਭਾਲ ਕਰ ਰਹੀ ਹੈ ਤੇ ਲਾਟੁ ਤੋਂ ਬਗੈਰ ਉਸਦੇ ਭਰਾ ਦੀ ਹਾਲਤ ਵਿਗੜ ਜਾਏਗੀ। ਉੱਥੇ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਵੱਲੋਂ ਅਸੋਸ਼ੀਏਟ ਮਨਿਸਟਰ ਕ੍ਰਿਸ ਪੇਂਕ ਦੀ ਸਲਾਹ ‘ਤੇ ਰੈਜੀਡੈਂਸੀ ਦੀ ਐਪਲੀਕੇਸ਼ਨ ਵੀ ਲਗਾਈ ਗਈ ਹੈ, ਜਿਸ ਦਾ ਅਜੇ ਤੱਕ ਨਤੀਜਾ ਨਹੀਂ ਆਇਆ ਹੈ।
ਲਾਟੁ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਰੈਜੀਡੈਂਸੀ ਮਿਲ ਜਾਣੀ ਸੀ, ਪਰ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੇ ਉਨ੍ਹਾਂ ਦੀ ਫਾਈਲ ਗਲਤ ਢੰਗ ਨਾਲ ਲਾ ਦਿੱਤੀ ਸੀ ਜਿਸ ਕਾਰਨ ਉਨ੍ਹਾਂ ਨੂੰ ਰੈਜੀਡੈਂਸੀ ਨਹੀਂ ਮਿਲੀ ਤੇ ਫਾਈਲ ਰੱਦ ਹੋ ਗਈ ਉਤੋਂ ਉਨ੍ਹਾਂ ਨਾਲ ਹਜ਼ਾਰਾਂ ਡਾਲਰ ਦੀ ਠੱਗੀ ਵੀ ਲੱਗ ਗਈ। ਪਰਿਵਾਰ ਨੇ ਮੀਡੀਆ ਰਾਂਹੀ ਭਾਈਚਾਰੇ ਅਤੇ ਸਰਕਾਰੀ ਅਦਾਰਿਆਂ ਨੂੰ ਇਸ ਮਾਮਲੇ ਵਿੱਚ ਮੱਦਦ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਬਜੁਰਗ ਜੋੜੇ ਨੂੰ ਡਿਪੋਰਟ ਨਾ ਕੀਤਾ ਜਾਵੇ।