ਟੀਵੀ ਦਾ ਮਸ਼ਹੂਰ ਕਾਮੇਡੀ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਦੇਖਣ ਵਾਲੇ ਦਰਸ਼ਕਾਂ ਲਈ ਇੱਕ ਚੰਗੀ ਖਬਰ ਆਈ ਹੈ। ਦੱਸ ਦੇਈਏ ਕਿ ਦਿ ਕਪਿਲ ਸ਼ਰਮਾ ਸ਼ੋਅ ਹੁਣ ਇੱਕ ਵਾਰ ਫਿਰ ਤੋਂ ਜਲਦੀ ਹੀ ਵਾਪਸੀ ਕਰ ਸਕਦਾ ਹੈ। ਦਰਅਸਲ ਕ੍ਰਿਸ਼ਣਾ ਅਭਿਸ਼ੇਕ ਨੇ ਸ਼ੋਅ ਦੀ ਵਾਪਸੀ ਬਾਰੇ ਸੰਕੇਤ ਦਿੱਤਾ ਹੈ। ਕ੍ਰਿਸ਼ਣਾ ਨੇ ਇੰਸਟਾ ‘ਤੇ ਆਪਣੇ ਸਾਥੀ ਅਦਾਕਾਰਾਂ ਕੀਕੂ ਸ਼ਾਰਦਾ ਅਤੇ ਭਾਰਤੀ ਸਿੰਘ ਨਾਲ ਇੱਕ ਸੈਲਫੀ ਫੋਟੋ ਸਾਂਝੀ ਕੀਤੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਕਿਆਸ ਲਗਾ ਰਿਹਾ ਹੈ ਕਿ ਸ਼ੋਅ ਵਾਪਸੀ ਕਰਨ ਜਾ ਰਿਹਾ ਹੈ।
ਇੰਸਟਾ ‘ਤੇ ਸੈਲਫੀ ਫੋਟੋ ਨੂੰ ਸਾਂਝਾ ਕਰਦੇ ਹੋਏ ਕ੍ਰਿਸ਼ਣਾ ਨੇ ਲਿਖਿਆ ਸੀ ਕਿ- “ਜਲਦ ਹੀ ਵਾਪਿਸ ਆਉਣ ਵਾਲੇ ਹਾਂ। ਸਾਡੀ ਪਹਿਲੀ ਕ੍ਰਿਏਟਿਵ ਮੀਟਿੰਗ। ਬਹੁਤ ਉਤਸ਼ਾਹਿਤ ਹਾਂ। ਕੁੱਝ ਨਵਾਂ ਆਉਣ ਵਾਲਾ ਹੈ।” ਕ੍ਰਿਸ਼ਣਾ ਨੇ ਦਿ ਕਪਿਲ ਸ਼ਰਮਾ ਸ਼ੋਅ ਦੇ ਦਰਸ਼ਕਾਂ ਨੂੰ ਟੈਗ ਕਰ ਇਸ ਪੋਸਟ ਨੂੰ ਸਾਂਝਾ ਕੀਤਾ ਸੀ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਮੀਟਿੰਗ ਦਿ ਕਪਿਲ ਸ਼ਰਮਾ ਸ਼ੋਅ ਸਬੰਧੀ ਸੀ। ਹਾਲਾਂਕਿ ਹੁਣ ਕ੍ਰਿਸ਼ਨਾ ਨੇ ਇਸ ਫੋਟੋ ਨੂੰ ਇੰਸਟਾ ਤੋਂ ਡਿਲੀਟ ਕਰ ਦਿੱਤਾ ਹੈ। ਪਰ ਦਿ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਵੀ ਭਾਰੀ ਉਤਸ਼ਾਹ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸ਼ੋਅ ਕਦੋਂ ਤੱਕ ਵਾਪਸੀ ਕਰੇਗਾ।
ਦੱਸ ਦੇਈਏ ਕਿ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸ ਸਾਲ ਫਰਵਰੀ ਵਿੱਚ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ। ਜਿਸ ਤੋਂ ਬਾਅਦ ਕਪਿਲ ਨੇ ਸ਼ੋਅ ਤੋਂ ਬਰੇਕ ਲੈ ਲਿਆ ਸੀ। ਦਿ ਕਪਿਲ ਸ਼ਰਮਾ ਸ਼ੋਅ ਦੀ ਗੱਲ ਕਰੀਏ ਤਾਂ ਇਹ ਸ਼ੋਅ ਪਿਛਲੇ ਕਈ ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਸ਼ੋਅ ਦੀ ਟੀਆਰਪੀ ਵੀ ਚੰਗੀ ਹੈ, ਸ਼ੋਅ ਜਿਆਦਾਤਰ ਟੌਪ 5 ਵਿੱਚ ਵੇਖਿਆ ਜਾਂਦਾ ਹੈ। ਕੀਕੂ ਸ਼ਾਰਦਾ, ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ, ਕ੍ਰਿਸ਼ਣਾ ਅਭਿਸ਼ੇਕ, ਭਾਰਤੀ ਸਿੰਘ ਦਿ ਕਪਿਲ ਸ਼ਰਮਾ ਸ਼ੋਅ ਦੇ ਅਹਿਮ ਕਿਰਦਾਰਾਂ ਵਿੱਚੋਂ ਹਨ।