ਟੀ-20 ਵਿਸ਼ਵ ਕੱਪ 2024 ਦੇ 47ਵੇਂ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਹਰਾਇਆ ਹੈ। ਇਹ ਸੁਪਰ-8 ਮੈਚ ਸੀ, ਜਿਸ ‘ਚ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ਦੀ ਟਿਕਟ ਲਗਭਗ ਪੱਕੀ ਕਰ ਲਈ ਹੈ। ਇਸ ਮੈਚ ‘ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਅਤੇ ਫਿਰ ਗੇਂਦਬਾਜ਼ੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੂੰ ਹਰਾਇਆ। ਭਾਰਤ ਲਈ ਬੱਲੇਬਾਜ਼ੀ ‘ਚ ਹਾਰਦਿਕ ਪੰਡਯਾ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਨਾਬਾਦ ਅਰਧ ਸੈਂਕੜਾ ਲਗਾਇਆ ਅਤੇ ਫਿਰ ਗੇਂਦਬਾਜ਼ੀ ‘ਚ ਕੁਲਦੀਪ ਯਾਦਵ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।
ਮੈਚ ‘ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਉਸ ਲਈ ਬਿਲਕੁਲ ਵੀ ਚੰਗਾ ਸਾਬਿਤ ਨਹੀਂ ਹੋਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 196/5 ਦੌੜਾਂ ਬਣਾਈਆਂ। ਫਿਰ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 20 ਓਵਰਾਂ ਵਿੱਚ 146/8 ਦੌੜਾਂ ਹੀ ਬਣਾ ਸਕੀ। ਮੈਚ ‘ਚ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ ਉਸ ਲੈਅ ‘ਚ ਨਜ਼ਰ ਨਹੀਂ ਆਈ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਜਿੱਤ ਹਾਸਲ ਕਰ ਲਵੇਗੀ। ਬੰਗਲਾਦੇਸ਼ ਲਈ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਸਭ ਤੋਂ ਵੱਡੀ ਪਾਰੀ ਖੇਡੀ ਅਤੇ 40 ਦੌੜਾਂ ਬਣਾਈਆਂ।