ਕੁਵੈਤ ਦੇ ਦੱਖਣੀ ਮੰਗਾਫ ‘ਚ ਇੱਕ ਇਮਾਰਤ ਨੂੰ ਅੱਗ ਲੱਗਣ ਕਾਰਨ 40 ਭਾਰਤੀਆਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ 30 ਭਾਰਤੀ ਜ਼ਖਮੀ ਹੋਏ ਹਨ ਅਤੇ ਕਰੀਬ 90 ਭਾਰਤੀਆਂ ਨੂੰ ਬੁੱਧਵਾਰ ਸਵੇਰੇ ਰੈਸਕਿਊ ਕੀਤਾ ਗਿਆ ਸੀ। ਕੁਵੈਤ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਿਕ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਕਈ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਡਾਕਟਰੀ ਟੀਮਾਂ ਜ਼ਖਮੀ ਲੋਕਾਂ ਨੂੰ ਸਹੀ ਇਲਾਜ ਮੁਹੱਈਆ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਦੂਜੇ ਪਾਸੇ ਭਾਰਤੀ ਦੂਤਾਵਾਸ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਘਟਨਾ ‘ਤੇ ਦੁੱਖ ਜਤਾਉਂਦਿਆਂ ਕਿਹਾ ਕਿ, “ਕੁਵੈਤ ਸਿਟੀ ਵਿੱਚ ਅੱਗ ਲੱਗਣ ਦੀ ਘਟਨਾ ਦੁਖਦਾਈ ਹੈ। ਮੇਰੇ ਵਿਚਾਰ ਉਨ੍ਹਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਆਪਣੇ ਨਜ਼ਦੀਕੀ ਅਤੇ ਪਿਆਰੇ ਗੁਆ ਲਏ ਹਨ। ਮੈਂ ਅਰਦਾਸ ਕਰਦਾ ਹਾਂ ਕਿ ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋ ਜਾਣ। ਕੁਵੈਤ ਵਿੱਚ ਭਾਰਤੀ ਦੂਤਾਵਾਸ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਉੱਥੋਂ ਦੇ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ।”
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਘਟਨਾ ‘ਤੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਅੱਗ ਲੱਗਣ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਾ ਹੈ। ਇੱਥੇ 40 ਤੋਂ ਵੱਧ ਮੌਤਾਂ ਹੋਈਆਂ ਹਨ ਅਤੇ 50 ਤੋਂ ਵੱਧ ਹਸਪਤਾਲ ਵਿੱਚ ਦਾਖਲ ਹਨ। ਸਾਡੇ ਰਾਜਦੂਤ ਕੈਂਪ ਗਏ ਹਨ। ਅਸੀਂ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਅੱਗੇ ਲਿਖਿਆ ਕਿ ਦੁਖਦਾਈ ਤੌਰ ‘ਤੇ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ। ਮੈਂ ਜ਼ਖਮੀ ਹੋਏ ਲੋਕਾਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਜਾਣਕਾਰੀ ਮੁਤਾਬਿਕ ਬੁੱਧਵਾਰ ਤੜਕੇ 4:30 ਵਜੇ ਲੇਬਰ ਕੈਂਪ ਦੀ ਰਸੋਈ ‘ਚ ਅੱਗ ਲੱਗ ਗਈ। ਕੁਝ ਲੋਕਾਂ ਦੀ ਅੱਗ ਨੂੰ ਦੇਖ ਕੇ ਅਪਾਰਟਮੈਂਟ ਤੋਂ ਛਾਲ ਮਾਰੀ ਪਰ ਉਨ੍ਹਾਂ ਦੀ ਮੌਤ ਹੋ ਗਈ, ਜਦੋਂ ਕਿ ਕੁਝ ਲੋਕਾਂ ਦੀ ਸੜਨ ਅਤੇ ਧੂੰਏਂ ਕਾਰਨ ਮੌਤ ਹੋ ਗਈ। ਇਹ ਮਲਿਆਲੀ ਕਾਰੋਬਾਰੀ ਕੇਜੀ ਅਬਰਾਹਮ ਦੀ ਮਲਕੀਅਤ ਹੈ। ਹਾਲਾਂਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਅਜੇ ਵੀ ਕੁਝ ਲੋਕਾਂ ਦੇ ਅੰਦਰ ਫਸੇ ਹੋਣ ਦੀ ਖਬਰ ਹੈ।
https://x.com/narendramodi/status/1800860883570360792