ਇਹ ਕਹਾਵਤ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਅਮਰੀਕੀ ਜੋੜੇ ਰੋਲਡ ਟੈਰੇਂਸ ਅਤੇ ਉਨ੍ਹਾਂ ਦੀ ਪ੍ਰੇਮਿਕਾ ਜੀਨ ਸਵਰਲਿਨ ਨੇ ਸੱਚ ਸਾਬਿਤ ਕਰ ਦਿੱਤੀ ਹੈ। ਦੂਜੇ ਵਿਸ਼ਵ ਯੁੱਧ ‘ਚ ਸ਼ਾਮਿਲ ਹੋਣ ਵਾਲੇ 100 ਸਾਲਾ ਰੋਲਡ ਟੇਰੇਂਸ ਨੇ ਸ਼ਨੀਵਾਰ ਨੂੰ ਫਰਾਂਸ ਦੇ ਨੌਰਮੈਂਡੀ ਵਿਚ ਡੀ-ਡੇ ਬੀਚ ‘ਤੇ ਆਪਣੀ 96 ਸਾਲਾ ਪ੍ਰੇਮਿਕਾ ਸਵੈਰਲਿਨ ਨਾਲ ਵਿਆਹ ਕਰਵਾਇਆ ਹੈ। ਜੇਕਰ ਦੋਹਾਂ ਦੀ ਉਮਰ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਦੋਵਾਂ ਦੀ ਉਮਰ ਦੋ ਸਦੀਆਂ ਦੇ ਕਰੀਬ ਬਣਦੀ ਹੈ, ਇਸ ਉਮਰ ‘ਚ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਵਿਆਹ ਲਈ ਰਵਾਨਾ ਹੋਣ ਸਮੇਂ ਲਾੜੀ ਜੀਨ ਸਵਰਲਿਨ ਨੇ ਕਿਹਾ, “ਪਿਆਰ ਸਿਰਫ਼ ਨੌਜਵਾਨਾਂ ਲਈ ਨਹੀਂ ਹੁੰਦਾ, ਸਾਨੂੰ ਇੱਕ ਦੂਜੇ ਨੂੰ ਦੇਖ ਕੇ ਵੀ ਖੁਸ਼ੀ ਮਿਲਦੀ ਹੈ, ਸਾਡੀਆਂ ਆਦਤਾਂ ਵੀ ਇੱਕ ਦੂਜੇ ਨਾਲ ਮਿਲਦੀਆਂ ਹਨ।” ਟੇਰੇਂਸ ਨੇ ਵਿਆਹ ਤੋਂ ਬਾਅਦ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਹੈ।
ਦੂਜੇ ਵਿਸ਼ਵ ਯੁੱਧ ਦੇ ਸੰਦਰਭ ਵਿੱਚ ਫਰਾਂਸ ਦੇ ਨੌਰਮੈਂਡੀ ਦਾ ਡੀ-ਡੇ ਬੀਚ ਬਹੁਤ ਮਹੱਤਵਪੂਰਨ ਹੈ। 6 ਜੂਨ, 1944 ਨੂੰ ਜਰਮਨਾਂ ਨਾਲ ਲੜ ਰਹੀਆਂ ਸਹਿਯੋਗੀ ਫੌਜਾਂ ਇਸ ਤੱਟ ‘ਤੇ ਉਤਰੀਆਂ, ਜਿਸ ਤੋਂ ਬਾਅਦ ਭਿਆਨਕ ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਨੇ ਲੋਕਾਂ ਨੂੰ ਅਡੋਲਫ ਹਿਟਲਰ ਦੇ ਜ਼ੁਲਮ ਤੋਂ ਮੁਕਤ ਕਰਵਾਇਆ ਸੀ। ਇਸ ਲੜਾਈ ਦੀ 80ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਟੈਰੇਂਸ ਅਤੇ ਸਵਰਲਿਨ ਦਾ ਵਿਆਹ ਵੀ ਹੋਇਆ। ਸਮਾਗਮ ਵਿੱਚ ਸ਼ਾਮਲ ਲੋਕਾਂ ਨੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਕੱਪੜੇ ਵੀ ਪਾਏ ਹੋਏ ਸਨ।