ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਵਾਸੀਆਂ ਲਈ ਇੱਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮਈ ਦੇ ਦੌਰਾਨ ਦੇਸ਼ ‘ਚ ਈਂਧਨ (ਪੈਟਰੋਲ ) ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਕਿਉਂਕਿ ਗਲੋਬਲ ਸਪਲਾਈ ਵਿੱਚ ਵਾਧਾ ਹੋਇਆ ਹੈ ਅਤੇ ਨਿਊਜ਼ੀਲੈਂਡ ਆਟੋਮੋਬਾਈਲ ਐਸੋਸੀਏਸ਼ਨ (ਏਏ) ਨੇ ਕਿਹਾ ਕਿ ਵਾਹਨ ਚਾਲਕਾਂ ਲਈ ਹੋਰ ਥੋੜ੍ਹੇ ਸਮੇਂ ਦੀ ਰਾਹਤ ਹੋ ਸਕਦੀ ਹੈ।
ਈਂਧਨ ਕੀਮਤ ਡੇਟਾਬੇਸ ਗੈਸਪੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸ਼ੁੱਕਰਵਾਰ ਨੂੰ ਅਨਲੀਡ 91 ਦੀ ਔਸਤ ਕੀਮਤ $2.66 ਪ੍ਰਤੀ ਲੀਟਰ ਹੈ, ਜੋ ਕਿ 28 ਦਿਨ ਪਹਿਲਾਂ ਦੇ ਮੁਕਾਬਲੇ 21.27 ਸੈਂਟ ਜਾਂ 7.4 ਪ੍ਰਤੀਸ਼ਤ ਘੱਟ ਹੈ। ਬੀਤੇ 28 ਦਿਨਾਂ ਵਿੱਚ ਅਨਲੈਡਡ 91 ਪੈਟਰੋਲ ਦਾ ਭਾਅ 20 ਸੈਂਟ ਪ੍ਰਤੀ ਲੀਟਰ ਘਟਿਆ ਹੈ। 91 ਲਈ ਸਭ ਤੋਂ ਘੱਟ ਕੀਮਤਾਂ ਮਾਨਵਾਟੂ-ਵਾਂਗਾਨੁਈ, ਬੇ ਆਫ ਪਲੈਂਟੀ ਅਤੇ ਹਾਕਸ ਬੇਅ ਵਿੱਚ ਹਨ ਜਦਕਿ ਨਿਊ ਵਰਲਡ ਮਾਰਟਨ $2.41/L ਵਿੱਚ ਸਭ ਤੋਂ ਸਸਤੀਆਂ ਹਨ। ਡੀਜ਼ਲ ਦੀ ਔਸਤ ਕੀਮਤ ਅੱਜ 1.99 ਡਾਲਰ ਪ੍ਰਤੀ ਲੀਟਰ ਹੈ, ਜੋ ਪਿਛਲੇ 28 ਦਿਨਾਂ ਤੋਂ 14.73 ਸੈਂਟ ਜਾਂ 6.9 ਫੀਸਦੀ ਘੱਟ ਹੈ। ਰਿਪੋਰਟਾਂ ਮੁਤਾਬਿਕ ਆਉਂਦੇ ਸਮੇਂ ‘ਚ ਵੀ ਪੈਟਰੋਲ ਦੇ ਭਾਅ ਵਿੱਚ ਹੋਰ ਕਮੀ ਦੇਖਣ ਨੂੰ ਮਿਲ ਸਕਦੀ ਹੈ।