ਆਕਲੈਂਡ ਵਿੱਚ ਇੱਕ ਵਿਵਾਦਗ੍ਰਸਤ ਬਿੱਲ ਦਾ ਵਿਰੋਧ ਕਰਨ ਲਈ ਅੱਜ ਹਜ਼ਾਰਾਂ ਲੋਕ ਸੜਕਾਂ ‘ਤੇ ਉੱਤਰੇ ਹਨ। ਕੇਂਦਰੀ ਆਕਲੈਂਡ ਵਿੱਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਫਾਸਟ-ਟਰੈਕ ਪ੍ਰਵਾਨਗੀ ਬਿੱਲ ਦਾ ਵਿਰੋਧ ਕੀਤਾ ਹੈ। ਪ੍ਰਦਰਸ਼ਨਕਾਰੀਆਂ ‘ਚ ਗ੍ਰੀਨ ਪਾਰਟੀ ਦੇ ਸਾਬਕਾ ਸਹਿ-ਨੇਤਾ ਰਸਲ ਨੌਰਮਨ, ਫੋਰੈਸਟ ਐਂਡ ਬਰਡਜ਼ ਨਿਕੋਲਾ ਟੋਕੀ ਅਤੇ ਅਭਿਨੇਤਰੀ ਰੋਬਿਨ ਮੈਲਕਮ ਵੀ ਸ਼ਾਮਿਲ ਹੋਏ ਹਨ। ਗ੍ਰੀਨ ਪਾਰਟੀ ਦੇ ਸਾਬਕਾ ਸਹਿ-ਨੇਤਾ ਅਤੇ ਗ੍ਰੀਨਪੀਸ ਦੇ ਕਾਰਜਕਾਰੀ ਨਿਰਦੇਸ਼ਕ ਰਸਲ ਨੌਰਮਨ ਦਾ ਮੰਨਣਾ ਹੈ ਕਿ ਇਹ ਬਿੱਲ ਵਾਤਾਵਰਣ ਲਈ ਬੁਰਾ ਸਾਬਿਤ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ, “ਸਾਨੂੰ ਉਨ੍ਹਾਂ ਲੋਕਾਂ ਨੂੰ ਰੋਕਣਾ ਚਾਹੀਦਾ ਹੈ ਜੋ ਲਾਭ ਲਈ ਕੁਦਰਤ ਨੂੰ ਤਬਾਹ ਕਰਦੇ ਹਨ। ਨਿਊਜ਼ੀਲੈਂਡ ਦੇ ਬਹੁਗਿਣਤੀ – 10 ਵਿੱਚੋਂ 9 ਲੋਕ, ਜਦੋਂ ਤੁਸੀਂ ਉਨ੍ਹਾਂ ਦਾ ਸਰਵੇਖਣ ਕਰਦੇ ਹੋ – ਉਹ ਕਹਿੰਦੇ ਹਨ ਕਿ ਉਹ ਵਿਕਾਸ ਨਹੀਂ ਚਾਹੁੰਦੇ ਜੋ ਕੁਦਰਤ ਦੀ ਵਧੇਰੇ ਤਬਾਹੀ ਦਾ ਕਾਰਨ ਬਣਦੇ ਹਨ।” ਨੌਰਮਨ ਨੇ ਕਿਹਾ ਕਿ ਸਰਕਾਰ ਇਤਿਹਾਸ ਦੇ ਗਲਤ ਪਾਸੇ ਹੋਵੇਗੀ ਜੇਕਰ ਇਹ ਪ੍ਰਦਰਸ਼ਨਕਾਰੀਆਂ ਨੂੰ ਨਜ਼ਰਅੰਦਾਜ਼ ਕਰਦੀ ਹੈ।