ਪੰਜਾਬ ਵਿੱਚ ਅੱਜ ਲੋਕ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਪੰਜਾਬ ‘ਚ ਇਸ ਵਾਰ ਮੁਕਾਬਲਾ ਮੁੱਖ ਤੌਰ ‘ਤੇ ਚਾਰ ਪਾਰਟੀਆਂ ਦੇ 52 ਉਮੀਦਵਾਰਾਂ ਵਿਚਾਲੇ ਹੈ ਪਰ ਕਈ ਸੀਟਾਂ ‘ਤੇ 5 ਕੋਣਾ ਹੋਣ ਕਾਰਨ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ। ਪੰਜਾਬ ਵਿੱਚ 83 ਦਿਨਾਂ ਦੇ ਲੰਬੇ ਚੋਣ ਪ੍ਰਚਾਰ ਤੋਂ ਬਾਅਦ ਹੁਣ ਵੋਟਾਂ ਪੈਣ ਦਾ ਸਮਾਂ ਆ ਗਿਆ ਹੈ। ਸ਼ਨੀਵਾਰ ਨੂੰ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਵਾਰ ਸਾਰੀਆਂ ਸੀਟਾਂ ਲਈ 328 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਹਨ। ਸੂਬੇ ਦੇ 2.14 ਕਰੋੜ ਵੋਟਰ ਇਨ੍ਹਾਂ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ।
ਜ਼ਿਕਰਯੋਗ ਹੈ ਕਿ ਕਾਂਗਰਸ ਕੌਮੀ ਪੱਧਰ ਦੀ ਗਰੰਟੀ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ। ਆਮ ਆਦਮੀ ਪਾਰਟੀ ਆਪਣੇ ਦੋ ਸਾਲਾਂ ਦੇ ਕੰਮ ਨੂੰ ਲੋਕਾਂ ਵਿਚਕਾਰ ਲੈ ਕੇ ਇਹ ਚੋਣਾਂ ਲੜ ਰਹੀ ਹੈ। ਪੰਜਾਬ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਾਰੇ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੀ ਖੇਤਰੀ ਪਾਰਟੀ ਹੋਣ ਦੇ ਨਾਂ ’ਤੇ ਲੋਕਾਂ ਦਾ ਸਮਰਥਨ ਮੰਗ ਰਿਹਾ ਹੈ। ਇਸ ਵਾਰ ਚੋਣਾਂ ‘ਚ ਸਾਰੀਆਂ ਪਾਰਟੀਆਂ ਨੇ ਆਪਣੇ ਤਾਕਤਵਰ ਨੇਤਾਵਾਂ ਨੂੰ ਮੈਦਾਨ ‘ਚ ਉਤਾਰਿਆ ਹੈ, ਜਿਨ੍ਹਾਂ ‘ਚ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਸਾਬਕਾ ਉਪ ਮੁੱਖ ਮੰਤਰੀ, ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਕਲਾਕਾਰ ਸ਼ਾਮਿਲ ਹਨ।
ਪੰਜਾਬ ‘ਚ ਮੌਸਮ ਵਿਭਾਗ ਨੇ ਗਰਮੀ ਦੀ ਚਿਤਾਵਨੀ ਦੇ ਨਾਲ-ਨਾਲ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ ਧੂੜ ਭਰੀ ਹਨੇਰੀ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਅਜਿਹੇ ‘ਚ ਚੋਣ ਕਮਿਸ਼ਨ ਨੇ ਵੀ ਗਰਮੀ ਅਤੇ ਬਾਰਿਸ਼ ਨਾਲ ਨਜਿੱਠਣ ਲਈ ਖਾਸ ਪ੍ਰਬੰਧ ਕੀਤੇ ਹਨ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 44 ਤੋਂ 47 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਵਾਰ ਚੋਣ ਕਮਿਸ਼ਨ ਨੇ 70 ਫੀਸਦੀ ਤੋਂ ਵੱਧ ਵੋਟਿੰਗ ਦਾ ਟੀਚਾ ਰੱਖਿਆ ਹੈ। ਵੋਟਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਤੋਂ ਪਹਿਲਾਂ 1977 ਅਤੇ 2014 ‘ਚ ਵੋਟਿੰਗ 70 ਫੀਸਦੀ ਨੂੰ ਪਾਰ ਕਰ ਗਈ ਸੀ। 2019 ਵਿੱਚ ਇਹ 65.96 ਫੀਸਦੀ ਸੀ। ਇਸ ਵਾਰ ਗਰਮੀਆਂ ਦਾ ਮੌਸਮ ਹੈ ਪਰ ਕਮਿਸ਼ਨ ਨੂੰ ਭਰੋਸਾ ਹੈ ਕਿ ਲੋਕ 2019 ਦੇ ਅੰਕੜਿਆਂ ਨੂੰ ਪਛਾੜ ਕੇ ਰਿਕਾਰਡ ਕਾਇਮ ਕਰਨਗੇ। ਇਸ ਦੇ ਲਈ ਪੋਲਿੰਗ ਸਟੇਸ਼ਨਾਂ ‘ਤੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।