ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਜੂਨ ਨੂੰ ਨਿਊਯਾਰਕ ‘ਚ ਮੈਚ ਖੇਡਿਆ ਜਾਵੇਗਾ। ਟੀ-20 ਵਿਸ਼ਵ ਕੱਪ 2024 ਦੇ ਇਸ ਮੈਚ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਮੈਚ ਲਈ ਟਿਕਟਾਂ ਹਾਸਿਲ ਕਰਨਾ ਵੀ ਬਹੁਤ ਮੁਸ਼ਕਿਲ ਕੰਮ ਹੋਵੇਗਾ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ-ਪਾਕਿਸਤਾਨ ਮੈਚ ਦੀ ਇੱਕ ਟਿਕਟ ਕਰੀਬ 16 ਲੱਖ ਰੁਪਏ ਵਿੱਚ ਵਿਕ ਰਹੀ ਹੈ। ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੇ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਆਈ.ਸੀ.ਸੀ. ਨੂੰ ਫਟਕਾਰ ਲਾਈ ਹੈ।
ਲਲਿਤ ਮੋਦੀ ਨੇ X ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕੁਝ ਸਕਰੀਨਸ਼ਾਟ ਸ਼ੇਅਰ ਕੀਤੇ ਹਨ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ਇਹ ਜਾਣ ਕੇ ਹੈਰਾਨੀ ਹੋਈ ਕਿ ਆਈਸੀਸੀ ਭਾਰਤ ਅਤੇ ਪਾਕਿਸਤਾਨ ਮੈਚ ਦੀ ਟਿਕਟ 20 ਹਜ਼ਾਰ ਡਾਲਰ ਵਿੱਚ ਵੇਚ ਰਹੀ ਹੈ। ਵਿਸ਼ਵ ਕੱਪ ਦਾ ਆਯੋਜਨ ਅਮਰੀਕਾ ‘ਚ ਕੀਤਾ ਜਾ ਰਿਹਾ ਹੈ ਤਾਂ ਕਿ ਕ੍ਰਿਕਟ ਹੋਰ ਤਰੱਕੀ ਕਰ ਸਕੇ ਅਤੇ ਪ੍ਰਸ਼ੰਸਕ ਦੇਖਣ ਲਈ ਆ ਸਕਣ। ਇਸ ਲਈ ਨਹੀਂ ਕਿ ਇਸ ਰਾਹੀਂ ਪੈਸਾ ਕਮਾਇਆ ਜਾਵੇ।
ਜੇਕਰ ਅਸੀਂ ਆਈਸੀਸੀ ਦੀ ਅਧਿਕਾਰਤ ਵੈੱਬਸਾਈਟ ਦੀ ਜਾਂਚ ਕਰਦੇ ਹਾਂ, ਤਾਂ ਇੱਥੇ ਕੁਝ ਵੱਖਰਾ ਦਿਖਾਈ ਦਿੰਦਾ ਹੈ। ਆਈਸੀਸੀ ਦੀ ਵੈੱਬਸਾਈਟ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੀ ਟਿਕਟ $300 ਤੋਂ ਸ਼ੁਰੂ ਹੁੰਦੀ ਹੈ। ਭਾਵ ਭਾਰਤ-ਪਾਕਿ ਮੈਚ ਦੀ ਸਭ ਤੋਂ ਸਸਤੀ ਟਿਕਟ 25 ਹਜ਼ਾਰ ਰੁਪਏ ਦੇ ਕਰੀਬ ਹੈ। ਵੈੱਬਸਾਈਟ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਸਭ ਤੋਂ ਮਹਿੰਗੀ ਟਿਕਟ 10 ਹਜ਼ਾਰ ਡਾਲਰ ਦੀ ਲੱਗ ਰਹੀ ਹੈ। ਇਹ ਡਾਇਮੰਡ ਕਲੱਬ ਦੀ ਟਿਕਟ ਹੋਵੇਗੀ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਸ ਟਿਕਟ ਦੀ ਕੀਮਤ 8 ਲੱਖ ਰੁਪਏ ਤੋਂ ਜ਼ਿਆਦਾ ਹੋਵੇਗੀ। ਪਰ 20 ਹਜ਼ਾਰ ਡਾਲਰ ਦੀ ਟਿਕਟ ਆਈਸੀਸੀ ਦੀ ਵੈੱਬਸਾਈਟ ‘ਤੇ ਨਜ਼ਰ ਨਹੀਂ ਆਈ।