ਬਲੇਨਹਾਈਮ ਪ੍ਰਸ਼ਾਸਨ ਨੇ ਖਰਗੋਸ਼ਾਂ ਨੂੰ ਲੈ ਕੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ। ਦਰਅਸਲ ਬਲੇਨਹਾਈਮ ਦੀ ਟੇਲਰ ਨਦੀ ਦੇ ਨਾਲ-ਨਾਲ ਸਟਾਪਬੈਂਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਖਰਗੋਸ਼ਾਂ ਦੀ ਅਬਾਦੀ ਨੂੰ ਕਾਬੂ ਕਰਨ ਲਈ ਸ਼ਿਕਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇੰਨ੍ਹਾਂ ਖਰਗੋਸ਼ਾਂ ਦੀ ਅਬਾਦੀ ਨੂੰ ਕਾਬੂ ਕਰਨ ਲਈ ਜਾਂ ਤਾਂ ਸ਼ਿਕਾਰ ਕੀਤਾ ਜਾਵੇਗਾ ਜਾਂ ਫਿਰ ਜ਼ਹਿਰ ਦੇ ਕੇ ਮਾਰਿਆ ਜਾ ਸਕੇਗਾ।
ਮਾਰਲਬੋਰੋ ਡਿਸਟ੍ਰਿਕਟ ਕਾਉਂਸਿਲ ਨੇ ਟੇਲਰ ਰਿਵਰ ਰਿਜ਼ਰਵ ਅਤੇ ਨੇੜਲੀਆਂ ਸੰਪਤੀਆਂ ਦੇ ਨੁਕਸਾਨ ਨੂੰ ਬਚਾਉਣ ਲਈ ਇਹ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਜੰਗਲੀ ਖਰਗੋਸ਼ਾਂ ਦੀ ਸੰਖਿਆ ਨੂੰ ਬਿਹਤਰ ਢੰਗ ਨਾਲ ਨਿਯੰਤਰਿਤ ਕਰਨ ਦੀ ਉਮੀਦ ਵਿੱਚ ਰਾਤ ਨੂੰ (ਸ਼ਿਕਾਰ ) ਸ਼ੂਟਿੰਗ ਕੀਤੀ ਜਾਵੇਗੀ। ਵੀਰਵਾਰ ਨੂੰ ਪੂਰੀ ਕੌਂਸਲ ਕੋਲ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਦੀ ਦੇ ਨਾਲ ਖਰਗੋਸ਼ਾਂ ਦੀ ਗਿਣਤੀ “ਬਹੁਤ ਜ਼ਿਆਦਾ” ਸੀ। ਵੈਰੋ-ਅਵਾਟੇਰੇ ਵਾਰਡ ਦੇ ਕੌਂਸਲਰ ਗੇਰਾਲਡ ਹੋਪ ਨੇ ਕਿਹਾ ਕਿ ਸਟਾਪਬੈਂਕ ਨੈਟਵਰਕ ਨੂੰ ਨੁਕਸਾਨ ਪਹੁੰਚਾਉਣ ਕਾਰਨ ਇਹ ਅਭਿਆਸ ਮਹੱਤਵਪੂਰਨ ਸੀ। ਮਾਰਲਬਰੋ ਦੀ ਮੇਅਰ ਨਦੀਨ ਟੇਲਰ ਨੇ ਵੀ ਇਸ ਸਬੰਧੀ ਸਹਿਮਤੀ ਦਿੱਤੀ ਹੈ। ਦੱਸ ਦੇਈਏ ਸਟੋਪਬੈਂਕ ਨਦੀਆਂ ਨੂੰ ਕਿਨਾਰਿਆਂ ਵਿੱਚ ਰੱਖਣ ਅਤੇ ਹੜ੍ਹਾਂ ਵਿੱਚ ਨਦੀਆਂ ਦਾ ਪਾਣੀ ਬਾਹਰ ਆਉਣ ਤੋਂ ਰੋਕਦੇ ਹਨ।