ਪ੍ਰਸਿੱਧ ਪੰਜਾਬੀ ਕਲਾਕਾਰ ਅਤੇ ਅਦਾਕਾਰ ਸਤਿੰਦਰ ਸਰਤਾਜ ਇਸ ਸਮੇਂ ਨਿਊਜ਼ੀਲੈਂਡ ਦੇ ਟੁੂਰ ‘ਤੇ ਹਨ ਪਹਿਲਾਂ ਉਨ੍ਹਾ ਨੇ ਸ਼ਨੀਵਾਰ ਨੂੰ ਆਕਲੈਂਡ ਵਿਖੇ ਆਪਣੀ ਸਟੇਜ ਪਰਫਾਰਮੈਂਸ ਰਾਹੀਂ ਪੰਜਾਬੀਆ ਨੂੰ ਆਪਣੇ ਨਵੇਂ ਪੁਰਾਣੇ ਗਾਣਿਆ ਨਾਲ ਸਰਸ਼ਾਰ ਕੀਤਾ ਤੇ ਐਤਵਾਰ ਦੀ ਸ਼ਾਮ ਨੂੰ ਉਨ੍ਹਾਂ ਵੱਲੋਂ christchurch ਵਿਖੇ ਸਟੇਜ ਸ਼ੋਅ ਕੀਤਾ ਗਿਆ। ਇਨ੍ਹਾਂ ਦੋਵਾਂ ਪ੍ਰੋਗਰਾਮਾਂ ਦੌਰਾਨ ਹਾਲ ਦਰਸ਼ਕਾਂ ਨਾਲ ਖਚਾਖੱਚ ਭਰੇ ਹੋਏ ਸਨ। ਦੋਵਾਂ ਪ੍ਰੋਗਰਾਮਾਂ ‘ਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਜਿੱਥੇ ਹਾਲ ‘ਚ ਮੌਜੂਦ ਦਰਸ਼ਕਾਂ ਨੇ ਸਤਿੰਦਰ ਸਰਤਾਜ ਦੀ ਆਵਾਜ ਤੇ ਸ਼ਾਇਰੀ ਦਾ ਖੂਬ ਆਨੰਦ ਮਾਣਿਆ ਉੱਥੇ ਹੀ ਸਤਿੰਦਰ ਸਰਤਾਜ ਨੇ ਆਪਣੇ ਬੀਟ ਗੀਤਾਂ ‘ਤੇ ਦਰਸ਼ਕਾਂ ਨੂੰ ਮੱਲੋ ਮੱਲੀ ਝੂਮਣ ਲਈ ਵੀ ਮਜ਼ਬੂਰ ਕਰ ਦਿੱਤਾ ਸੀ।
ਸਟੇਜ ਪਰਫਾਰਮੈਂਸ ਇੰਨੀ ਦਿਲ ਖਿੱਚਵੀਂ ਸੀ ਕਿ ਸਾਰੇ ਹੀ ਹਾਲ ਵਿੱਚ ਬੈਠੇ ਪੰਜਾਬੀ ਨੱਚਣ ਤੋਂ ਬਿਨ੍ਹਾਂ ਨਾ ਰਹਿ ਸਕੇ। ਉੱਥੇ ਹੀ ਹਾਲ ਵਿੱਚ ਵੀ ਪੰਜਾਬੀਆ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੀਤ ਸੁਣੇ, ਦਰਸ਼ਕਾਂ ਵਿੱਚ ਨਿਊਜ਼ੀਲੈਂਡ ਦੀ ਜਾਣੀਆਂ ਮਾਣੀਆਂ ਸ਼ਖਸ਼ੀਅਤਾਂ ਵੀ ਮੌਜੂਦ ਸਨ। ਦੱਸ ਦੇਈਏ ਸਤਿੰਦਰ ਸਰਤਾਜ ਦੇ ਇਹ ਸ਼ੋਅ Firdaus Production In Association ਅਤੇ ਰੇਡੀਓ ਸਾਡੇ ਆਲਾ ਵੱਲੋਂ ਕਰਵਾਏ ਗਏ ਹਨ। ਇਸ ਦੌਰਾਨ ਇਹ ਵੀ ਦੱਸ ਦੇਈਏ ਕਿ ਆਕਲੈਂਡ ਦੇ ਸ਼ੋਅ ਦੌਰਾਨ ਇੱਕ ਮਹਿੰਦਰਾ XUV ਗੱਡੀ ਵੀ ਇਨਾਮ ਵੱਜੋਂ ਦਰਸ਼ਕਾਂ ਲਈ ਕੱਢੀ ਗਈ ਸੀ, ਇਸ ਦੌਰਾਨ ਸਤਿੰਦਰ ਸਰਤਾਜ ਵੱਲੋਂ ਜੇਤੂ ਨੌਜਵਾਨ ਨੂੰ ਚਾਬੀ ਸੌਂਪੀ ਗਈ ਸੀ। ਗੱਡੀ ਜਿੱਤਣ ਵਾਲਾ ਨੌਜਵਾਨ ਪਕੁਰੰਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।