ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਕੋਲਿਨ ਮੁਨਰੋ ਫਰੈਂਚਾਈਜ਼ੀ ਕ੍ਰਿਕਟ ਖੇਡਣਾ ਜਾਰੀ ਰੱਖਣਗੇ, ਪਰ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਕੋਲਿਨ ਮੁਨਰੋ ਨੇ ਆਖਰੀ ਵਾਰ ਭਾਰਤ ਦੇ ਖਿਲਾਫ ਕਰੀਬ 4 ਸਾਲ ਪਹਿਲਾਂ ਮੈਚ ਖੇਡਿਆ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਨਿਊਜ਼ੀਲੈਂਡ ਲਈ ਮੌਕਾ ਨਹੀਂ ਮਿਲਿਆ। ਹਾਲ ਹੀ ‘ਚ ਕੋਲਿਨ ਮੁਨਰੋ ਨੇ ਕਿਹਾ ਸੀ ਕਿ ਉਹ ਟੀ-20 ਵਿਸ਼ਵ ਕੱਪ ਲਈ ਉਪਲਬਧ ਹਨ, ਪਰ ਇਸ ਖਿਡਾਰੀ ਨੂੰ ਟੀ-20 ਵਿਸ਼ਵ ਕੱਪ ਲਈ ਕੀਵੀ ਟੀਮ ‘ਚ ਨਹੀਂ ਚੁਣਿਆ ਗਿਆ।
ਕੋਲਿਨ ਮੁਨਰੋ ਨੇ ਸੰਨਿਆਸ ਤੋਂ ਬਾਅਦ ਕਿਹਾ ਕਿ ਬਲੈਕ ਕੈਪਸ ਲਈ ਖੇਡਣਾ ਹਮੇਸ਼ਾ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ, ਮੈਂ ਉਸ ਜਰਸੀ ਨੂੰ ਪਾਉਣ ਵਰਗਾ ਮਾਣ ਕਦੇ ਕਿਸੇ ਹੋਰ ਚੀਜ਼ ਲਈ ਮਹਿਸੂਸ ਨਹੀਂ ਹੋਇਆ ਅਤੇ ਮੈਂ 123 ਵਾਰ ਅਜਿਹਾ ਕਰਨ ਵਿੱਚ ਕਾਮਯਾਬ ਰਿਹਾ। ਪਰ ਹੁਣ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਕ੍ਰਿਕਟ ਦੇ ਚੀਫ ਐਗਜ਼ੀਕਿਊਟਿਵ ਸਕਾਟ ਵੇਨਿੰਕ ਨੇ ਕਿਹਾ ਕਿ ਮੁਨਰੋ ਨੂੰ ਨਿਊਜ਼ੀਲੈਂਡ ਲਈ ਪ੍ਰਮੁੱਖ ਸ਼ਾਰਟ ਫਾਰਮ ਦੇ ਬੱਲੇਬਾਜ਼ ਵਜੋਂ ਯਾਦ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਕੋਲਿਨ ਮੁਨਰੋ ਨੇ 65 ਟੀ-20 ਮੈਚਾਂ ਤੋਂ ਇਲਾਵਾ 57 ਵਨਡੇ ਅਤੇ 1 ਟੈਸਟ ਮੈਚਾਂ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕੀਤੀ ਹੈ। ਇਸ ਬੱਲੇਬਾਜ਼ ਨੇ ਅੰਤਰਰਾਸ਼ਟਰੀ ਟੀ-20 ਮੈਚਾਂ ‘ਚ 3 ਸੈਂਕੜੇ ਲਗਾਏ ਹਨ। ਹਾਲਾਂਕਿ ਕੋਲਿਨ ਮੁਨਰੋ ਦਾ ਵਨਡੇ ਅਤੇ ਟੈਸਟ ਕਰੀਅਰ ਉਮੀਦ ਮੁਤਾਬਿਕ ਨਹੀਂ ਰਿਹਾ ਪਰ ਉਹ ਟੀ-20 ਫਾਰਮੈਟ ਵਿੱਚ ਚਮਕਦੇ ਰਹੇ। ਇਸ ਦੇ ਨਾਲ ਹੀ, ਕੋਲਿਨ ਮੁਨਰੋ ਦੁਨੀਆ ਭਰ ਦੀਆਂ ਕਈ ਟੀ-20 ਲੀਗਾਂ ਵਿੱਚ ਖੇਡੇ ਹਨ। ਮੁੰਬਈ ਇੰਡੀਅਨਜ਼ ਤੋਂ ਇਲਾਵਾ ਇਹ ਖਿਡਾਰੀ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਜ਼ ਦੀ ਨੁਮਾਇੰਦਗੀ ਕਰ ਚੁੱਕਾ ਹੈ।