ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 49 ਦਿਨਾਂ ਬਾਅਦ ਸ਼ੁੱਕਰਵਾਰ (10 ਮਈ) ਸ਼ਾਮ 6.55 ਵਜੇ ਤਿਹਾੜ ਜੇਲ੍ਹ ਤੋਂ ਬਾਹਰ ਆਏ ਹਨ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ ਹੈ। ਉਨ੍ਹਾਂ ਨੂੰ 2 ਜੂਨ ਨੂੰ ਕਿਸੇ ਵੀ ਹਾਲਤ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ। ਆਪਣੀ ਰਿਹਾਈ ਤੋਂ ਬਾਅਦ ਕੇਜਰੀਵਾਲ ਨੇ ਵਰਕਰਾਂ ਨੂੰ ਕਿਹਾ, ‘ਤੁਹਾਨੂੰ ਬੇਨਤੀ ਹੈ ਕਿ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ। ਮੈਂ ਆਪਣੇ ਤਨ, ਮਨ ਅਤੇ ਧਨ ਨਾਲ ਲੜ ਰਿਹਾ ਹਾਂ। ਤਾਨਾਸ਼ਾਹੀ ਦੇ ਖਿਲਾਫ ਸੰਘਰਸ਼ ਕਰ ਰਿਹਾ ਹਾਂ। ਅੱਜ ਤੁਹਾਡੇ ਵਿਚਕਾਰ ਆ ਕੇ ਚੰਗਾ ਮਹਿਸੂਸ ਹੋ ਰਿਹਾ ਹੈ। ਕੱਲ ਸਵੇਰੇ ਅਸੀਂ 11 ਕਨਾਟ ਪਲੇਸ ਹਨੂੰਮਾਨ ਜੀ ਮੰਦਿਰ ਵਿਖੇ ਮਿਲਾਂਗੇ। ਹਨੂੰਮਾਨ ਜੀ ਦਾ ਆਸ਼ੀਰਵਾਦ ਲਵਾਂਗੇ। ਦੁਪਹਿਰ 1 ਵਜੇ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਾਂਗੇ।”
ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਕੇਜਰੀਵਾਲ 1 ਅਪ੍ਰੈਲ (39 ਦਿਨ) ਤੋਂ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਵਿੱਚ ਸਨ। ਇਸ ਤੋਂ ਪਹਿਲਾਂ ਉਹ 11 ਦਿਨਾਂ ਤੱਕ ਈਡੀ ਦੀ ਹਿਰਾਸਤ ਵਿੱਚ ਰਹੇ। ਅਦਾਲਤ ਨੇ ਅੱਜ ਦੁਪਹਿਰ 2 ਵਜੇ ਇੱਕ ਲਾਈਨ ਵਿੱਚ ਆਪਣਾ ਫੈਸਲਾ ਸੁਣਾਇਆ। ਹਾਲਾਂਕਿ, ਉਨ੍ਹਾਂ ਦੇ ਵਕੀਲ ਨੇ 5 ਜੂਨ ਤੱਕ ਰਿਹਾਈ ਦੀ ਬੇਨਤੀ ਕੀਤੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਚੋਣ ਪ੍ਰਕਿਰਿਆ 1 ਜੂਨ ਨੂੰ ਖਤਮ ਹੋ ਜਾਵੇਗੀ।