ਕ੍ਰਿਕਟ ਜਗਤ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਇੰਗਲੈਂਡ ਦੇ ਕਾਉਂਟੀ ਕ੍ਰਿਕਟ ਵਿੱਚ ਵਰਸੇਸਟਰਸ਼ਾਇਰ ਲਈ ਖੇਡਣ ਵਾਲੇ ਜੋਸ਼ ਬੇਕਰ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਬੇਕਰ ਇੱਕ ਖੱਬੇ ਹੱਥ ਦਾ ਸਪਿਨਰ ਸੀ ਅਤੇ ਇੱਕ ਦਿਨ ਪਹਿਲਾਂ ਉਸਨੇ ਦੂਜੀ XI ਚੈਂਪੀਅਨਸ਼ਿਪ ਵਿੱਚ ਵਰਸੇਸਟਰਸ਼ਾਇਰ ਲਈ ਖੇਡਦੇ ਹੋਏ ਸਮਰਸੈਟ ਦੇ ਖਿਲਾਫ ਤਿੰਨ ਵਿਕਟਾਂ ਲਈਆਂ ਸਨ। ਤੁਹਾਨੂੰ ਦੱਸ ਦੇਈਏ ਕਿ 2 ਹਫਤਿਆਂ ਬਾਅਦ ਬੇਕਰ ਦਾ ਜਨਮਦਿਨ ਸੀ। ਇਸ ਖਿਡਾਰੀ ਦਾ ਜਨਮ 16 ਮਈ 2003 ਨੂੰ ਵਰਸੇਸਟਰਸ਼ਾਇਰ ਵਿੱਚ ਹੋਇਆ ਸੀ। ਪਰ ਹੁਣ ਇਹ ਖਿਡਾਰੀ ਇਸ ਦੁਨੀਆ ‘ਚ ਨਹੀਂ ਰਿਹਾ।
ਇਸ ਖਿਡਾਰੀ ਦੀ ਮੌਤ ਨਾਲ ਪੂਰੇ ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ ਹੈ। ਪਰਿਵਾਰ ਦੀ ਨਿੱਜਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਕਲੱਬ ਨੇ ਬੇਕਰ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ। ਬੇਕਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਖੇਡਦਾ ਨਜ਼ਰ ਆ ਰਿਹਾ ਹੈ। ਇਸ ਖੱਬੇ ਹੱਥ ਦੇ ਸਪਿਨਰ ਨੇ ਸਾਲ 2021 ਵਿੱਚ ਸਿਰਫ਼ 17 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕਰਾਰ ਯਾਨੀ ਕਿ contract sign ਕੀਤਾ ਸੀ। ਬੇਕਰ ਨੇ 22 ਪਹਿਲੀ ਸ਼੍ਰੇਣੀ ਮੈਚਾਂ ਵਿੱਚ 43 ਵਿਕਟਾਂ ਅਤੇ ਵ੍ਹਾਈਟ ਬਾਲ ਕ੍ਰਿਕਟ ਦੇ 25 ਮੈਚਾਂ ‘ਚ 27 ਵਿਕਟਾਂ ਲਈਆਂ ਸਨ।
ਬੇਕਰ ਦੀ ਮੌਤ ‘ਤੇ ਵਰਸੇਸਟਰਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਈਲਸ ਨੇ ਕਿਹਾ, ‘ਅਸੀਂ ਸਾਰੇ ਬੇਕਰ ਦੀ ਮੌਤ ਤੋਂ ਦੁਖੀ ਹਾਂ। ਸਾਡੇ ਲਈ ਉਹ ਇੱਕ ਖਿਡਾਰੀ ਤੋਂ ਵੱਧ ਸੀ। ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਮੈਂਬਰ ਸੀ। ਅਸੀਂ ਉਸਨੂੰ ਬਹੁਤ ਯਾਦ ਕਰਾਂਗੇ। ਸਾਡੀ ਪੂਰੀ ਹਮਦਰਦੀ ਜੋਸ਼ ਦੇ ਪਰਿਵਾਰ ਅਤੇ ਉਸਦੇ ਦੋਸਤਾਂ ਨਾਲ ਹੈ। ਜੋਸ਼ ਬੇਕਰ ਇੰਗਲੈਂਡ ਦੀ ਅੰਡਰ-19 ਟੀਮ ਦਾ ਵੀ ਹਿੱਸਾ ਸੀ। ਬੇਕਰ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ 43 ਵਿਕਟਾਂ ਲਈਆਂ ਅਤੇ 411 ਦੌੜਾਂ ਵੀ ਬਣਾਈਆਂ, ਜਿਸ ਵਿੱਚ 2 ਅਰਧ ਸੈਂਕੜੇ ਸ਼ਾਮਿਲ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਸਟ ਏ ਕ੍ਰਿਕਟ ‘ਚ 24 ਵਿਕਟਾਂ ਹਾਸਿਲ ਕੀਤੀਆਂ ਸਨ। ਉਹ 8 ਟੀ-20 ਮੈਚਾਂ ‘ਚ 3 ਵਿਕਟਾਂ ਲੈਣ ‘ਚ ਵੀ ਸਫਲ ਰਿਹਾ।