[gtranslate]

UK ‘ਚ ਖੋਲ੍ਹੀ ਗਈ ਪਹਿਲੀ ਸਿੱਖ ਅਦਾਲਤ, ਸਿੱਖਾਂ ਨੂੰ ਹੋਵੇਗਾ ਫ਼ਾਇਦਾ, ਜਾਣੋ ਕਿਹੜੇ ਮਾਮਲਿਆਂ ਦੀ ਕੀਤੀ ਜਾਵੇਗੀ ਸੁਣਵਾਈ…

first sikh court opens in uk

ਬ੍ਰਿਟੇਨ ‘ਚ ਪਰਿਵਾਰਕ ਅਤੇ ਸਿਵਲ ਵਿਵਾਦਾਂ ‘ਚ ਫਸੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਲੰਡਨ ਵਿੱਚ ਬ੍ਰਿਟਿਸ਼ ਸਿੱਖ ਵਕੀਲਾਂ ਵੱਲੋਂ ਇੱਕ ਨਵੀਂ ਅਦਾਲਤ ਦੀ ਸ਼ੁਰੂਆਤ ਕੀਤੀ ਗਈ ਹੈ। ਸਿੱਖ ਭਾਈਚਾਰੇ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਨਵੀਂ ਅਦਾਲਤ ਨੂੰ ਵਿਵਾਦ ਨਿਪਟਾਰਾ ਫੋਰਮ ਵੱਜੋਂ ਸਥਾਪਿਤ ਕੀਤਾ ਹੈ।

ਲਿੰਕਨ ਦੇ ਪੁਰਾਣੇ ਹਾਲ ‘ਚ ਸਿੱਖ ਅਦਾਲਤ ਦੀ ਸ਼ੁਰੂਆਤ
ਇੱਕ ਨਿਊਜ਼ ਰਿਪੋਰਟ ‘ਚ ਕਿਹਾ ਗਿਆ ਹੈ ਕਿ ਲੰਡਨ ਦੇ ਲਿੰਕਨ ਇਨ ਦੇ ਪੁਰਾਣੇ ਹਾਲ ਵਿੱਚ ਇੱਕ ਸਮਾਰੋਹ ‘ਚ ਧਾਰਮਿਕ ਸ਼ਬਦਾਂ ਨਾਲ ਸਿੱਖ ਅਦਾਲਤ ਦੀ ਸ਼ੁਰੂਆਤ ਕੀਤੀ ਗਈ। ਅਦਾਲਤ ਦੇ ਸੰਸਥਾਪਕਾਂ ਵਿੱਚੋਂ ਇੱਕ ਐਡਵੋਕੇਟ ਬਲਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਝਗੜਿਆਂ ਅਤੇ ਵਿਵਾਦਾਂ ਨਾਲ ਨਜਿੱਠਦੇ ਹੋਏ ਜਰੂਰਤ ਦੇ ਸਮੇਂ ਸਿੱਖ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ।

ਨਿੱਜੀ ਤੌਰ ‘ਤੇ ਚਲਾਈ ਜਾਵੇਗੀ ਅਦਾਲਤ
ਦੱਸਿਆ ਗਿਆ ਹੈ ਕਿ ਨਵੀਂ ਅਦਾਲਤ ਨਿੱਜੀ ਤੌਰ ‘ਤੇ ਚਲਾਈ ਜਾਵੇਗੀ ਅਤੇ ਇਸ ਵਿਚ ਲਗਭਗ 30 ਮੈਜਿਸਟ੍ਰੇਟ ਅਤੇ 15 ਜੱਜ ਹੋਣਗੇ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ‘ਚ ਜ਼ਿਆਦਾਤਰ ਔਰਤਾਂ ਹੋਣਗੀਆਂ। ਅਦਾਲਤ ਵਿਚ ਮੈਜਿਸਟ੍ਰੇਟ ਦਾ ਕੰਮ ਇਕ ਸਮਝੌਤੇ ‘ਤੇ ਪਹੁੰਚਣ ਲਈ ਧਿਰਾਂ ਵਿਚਕਾਰ ਵਿਚੋਲਗੀ ਕਰਨਾ ਹੋਵੇਗਾ।

ਅਦਾਲਤ ਵਿੱਚ ਵਿਚਾਰੇ ਜਾਣਗੇ ਇਹ ਮਾਮਲੇ
ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਅਦਾਲਤ ਘਰੇਲੂ ਹਿੰਸਾ, ਜੂਏਬਾਜ਼ੀ ਅਤੇ ਨਸ਼ਾਖੋਰੀ ਵਰਗੇ ਮਾਮਲਿਆਂ ਨਾਲ ਨਜਿੱਠੇਗੀ। ਜੇਕਰ ਇਨ੍ਹਾਂ ਮਾਮਲਿਆਂ ਵਿੱਚ ਵਿਚੋਲਗੀ ਅਸਫਲ ਰਹਿੰਦੀ ਹੈ ਤਾਂ ਕੇਸ ਅਦਾਲਤ ਦੇ ਜੱਜ ਸਾਹਮਣੇ ਲਿਆਂਦਾ ਜਾ ਸਕਦਾ ਹੈ। ਇਸ ਤੋਂ ਬਾਅਦ ਆਰਬਿਟਰੇਸ਼ਨ ਐਕਟ ਤਹਿਤ ਕਾਨੂੰਨੀ ਤੌਰ ‘ਤੇ ਫ਼ੈਸਲਾ ਲਿਆ ਜਾਵੇਗਾ। ਬਲਦੀਪ ਸਿੰਘ ਨੇ ਕਿਹਾ ਕਿ ਜਿਨ੍ਹਾਂ ਮੁੱਦਿਆਂ ਨੂੰ ਅਸੀਂ ਨਜਿੱਠ ਨਹੀਂ ਸਕਦੇ, ਉਨ੍ਹਾਂ ਨੂੰ ਢੁੱਕਵੀਂ ਥਾਂ ‘ਤੇ ਭੇਜਿਆ ਜਾਵੇਗਾ। ਨਵੇਂ ਅਦਾਲਤੀ ਨਿਯਮਾਂ ਦੇ ਤਹਿਤ ਕੇਸ ਦੇ ਦੋਵੇਂ ਧਿਰਾਂ ਨੂੰ ਹਿੱਸਾ ਲੈਣ ਲਈ ਸਹਿਮਤੀ ਦੇਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਅਦਾਲਤ ਦਾ ਮਕਸਦ ਅੰਗਰੇਜ਼ੀ ਅਦਾਲਤਾਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਅਤੇ ਤੰਗ ਕਰਨਾ ਨਹੀਂ ਹੈ।

Leave a Reply

Your email address will not be published. Required fields are marked *