ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਸੋਮਵਾਰ ਤੋਂ ਲਾਪਤਾ ਹਨ। ਗੁਰਚਰਨ ਸਿੰਘ ਦੇ ਪਿਤਾ ਨੇ ਪਾਲਮ ਥਾਣੇ ਵਿੱਚ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪਿਤਾ ਦਾ ਕਹਿਣਾ ਹੈ ਕਿ ਉਹ ਮੁੰਬਈ ਜਾਣ ਲਈ ਘਰੋਂ ਨਿਕਲੇ ਸੀ ਪਰ ਨਾ ਤਾਂ ਉਹ ਮੁੰਬਈ ਪਹੁੰਚੇ ਅਤੇ ਨਾ ਹੀ ਘਰ ਵਾਪਸ ਆਏ। ਸ਼ਿਕਾਇਤ ਦੇ ਆਧਾਰ ‘ਤੇ ਪਾਲਮ ਥਾਣਾ ਪੁਲਿਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਗੁਰਚਰਨ ਸਿੰਘ ਆਪਣੇ ਪਰਿਵਾਰ ਨਾਲ ਸਾਧ ਨਗਰ ਪਾਲਮ ਵਿੱਚ ਰਹਿੰਦੇ ਹਨ। ਪਾਲਮ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਪਿਤਾ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤ ਗੁਰਚਰਨ ਸਿੰਘ ਸੋਮਵਾਰ ਸਵੇਰੇ ਘਰੋਂ ਮੁੰਬਈ ਜਾਣ ਲਈ ਨਿਕਲਿਆ ਸੀ। ਉਸ ਨੇ ਆਈਜੀਆਈ ਏਅਰਪੋਰਟ ਤੋਂ ਮੁੰਬਈ ਲਈ ਫਲਾਈਟ ਫੜਨੀ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦੇ ਮੋਬਾਈਲ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੋਬਾਈਲ ਬੰਦ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ’ਤੇ ਲਾਪਤਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਉਸ ਦੇ ਘਰ ਤੋਂ ਲੈ ਕੇ ਆਈਜੀਆਈ ਏਅਰਪੋਰਟ ਤੱਕ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ ਦੇ ਮੋਬਾਈਲ ਦੀ ਕਾਲ ਡਿਟੇਲ ਅਤੇ ਲੋਕੇਸ਼ਨ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਦਾ ਫ਼ੋਨ ਕਿੱਥੇ ਬੰਦ ਹੋਇਆ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿੱਥੋਂ ਲਾਪਤਾ ਹੋਏ ਹਨ।