ਸੋਮਵਾਰ ਰਾਤ ਨੂੰ ਆਕਲੈਂਡ ਬੱਸ ‘ਤੇ ਹੋਏ ਹਮਲੇ ‘ਚ ਦੋ ਕਿਸ਼ੋਰ ਕੁੜੀਆਂ ਜ਼ਖਮੀ ਹੋ ਗਈਆਂ ਹਨ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇੱਕ ਬੱਚੇ ਦੇ ਮਾਤਾ-ਪਿਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਆਵਾਜਾਈ ਦੌਰਾਨ ਆਪਣੇ ਬੱਚਿਆਂ ਦੀ ਜਾਣਕਾਰੀ ਰੱਖਣ। ਦਰਅਸਲ ਉਨ੍ਹਾਂ ਦੀ ਧੀ ਅਤੇ ਉਸਦੇ ਦੋਸਤ ‘ਤੇ ਸ਼ਹਿਰ ਦੇ ਉੱਤਰੀ ਕਿਨਾਰੇ ‘ਤੇ ਟਾਕਾਪੁਨਾ ਤੋਂ ਅਲਬਾਨੀ ਲਈ ਬੱਸ ਫੜਨ ਦੌਰਾਨ ਹਮਲਾ ਕੀਤਾ ਗਿਆ ਸੀ।
ਮਾਤਾ-ਪਿਤਾ ਨੇ ਅਗਿਆਤ ਤੌਰ ‘ਤੇ ਪੋਸਟ ਸਾਂਝੀ ਕਰ ਕਿਹਾ ਕਿ ਛੇ ਲੋਕਾਂ ਦਾ ਇੱਕ ਸਮੂਹ ਬੱਸ ਵਿੱਚ ਸਵਾਰ ਹੋਇਆ ਅਤੇ ਦੋ 15 ਸਾਲਾਂ ਦੇ ਬੱਚਿਆਂ ਦੇ ਪਿੱਛੇ ਬੈਠ ਗਿਆ, ਜਦੋਂ ਉਹ ਅਲਬਾਨੀ ਸਟੇਸ਼ਨ ‘ਤੇ ਪਹੁੰਚੇ ਤਾਂ ਇੱਕ ਸਮੂਹ ਦੇ ਮੈਂਬਰ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਕੁੜੀ ਦਾ ਨੱਕ ਟੁੱਟਿਆ ਗਿਆ ਸੀ ਜਦਕਿ ਦੂਜੀ ਦੇ ਵੀ ਡੂੰਗੀਆਂ ਸੱਟਾਂ ਤੇ ਨੀਲ ਦੇ ਨਿਸ਼ਾਨ ਸਨ। ਮਾਪਿਆਂ ਨੇ ਕਿਹਾ ਕਿ ਉਹ ਆਕਲੈਂਡ ਟ੍ਰਾਂਸਪੋਰਟ ਨੂੰ ਰਸਮੀ ਸ਼ਿਕਾਇਤ ਕਰਨਗੇ ਅਤੇ ਪੁਲਿਸ ਨੇ ਹਮਲੇ ਤੋਂ ਤੁਰੰਤ ਬਾਅਦ ਸਮੂਹ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਨੇ ਕਿਹਾ ਕਿ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਪੀੜਤਾਂ ਨੂੰ ਆਈਸ ਪੈਕ ਦੇਣ ਸਮੇਤ ਮਦਦ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਲਈ ਤਿਆਰ ਕਰਨ ਕਿ ਜੇਕਰ ਉਹ ਅਜਿਹੀ ਸਥਿਤੀ ਦਾ ਸਾਹਮਣਾ ਕਰਨ ਤਾਂ ਕੀ ਕਰਨਾ ਹੈ। ਵੇਟਮਾਟਾ ਪੂਰਬੀ ਪੁਲਿਸ ਖੇਤਰ ਦੇ ਕਮਾਂਡਰ ਇੰਸਪੈਕਟਰ ਮਾਈਕ ਰਿਕਾਰਡਸ ਨੇ ਪੁਸ਼ਟੀ ਕੀਤੀ ਕਿ ਕਥਿਤ ਤੌਰ ‘ਤੇ ਸ਼ਾਮਿਲ ਛੇ ਨੌਜਵਾਨਾਂ ਨੂੰ ਨੇੜਲੇ ਸ਼ਾਪਿੰਗ ਸੈਂਟਰ ਤੋਂ ਫੜਿਆ ਗਿਆ ਸੀ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।