ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਅਦਿਤੀ ਨੇ ਵੀਰਵਾਰ ਦੁਪਹਿਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੁਆਰਾ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਟਾਪ ਕੀਤਾ ਹੈ। ਇਸੇ ਸਕੂਲ ਦੀ ਅਲੀਸ਼ਾ ਸ਼ਰਮਾ ਦੂਜੇ ਸਥਾਨ ’ਤੇ ਰਹੀ। ਪੰਜਾਬ ‘ਚ ਪਹਿਲੇ ਸਥਾਨ ‘ਤੇ ਰਹਿਣ ਵਾਲੀ ਅਦਿਤੀ ਦੇ ਪਿਤਾ ਅਜੈ ਕੁਮਾਰ ਸਿੰਘ ਦੀ ਨਿਊ ਸ਼ਿਮਲਾ ਪੁਰੀ ‘ਚ ਦੁਕਾਨ ਹੈ। ਅਦਿਤੀ ਦਾ ਕਹਿਣਾ ਹੈ ਕਿ ਉਸ ਨੇ ਸੈਲਫ ਸਟੱਡੀ ਕਰਕੇ ਹੀ ਇਹ ਮੁਕਾਮ ਹਾਸਿਲ ਕੀਤਾ ਹੈ। ਉਹ ਦਿਨ ਵਿੱਚ ਛੇ ਤੋਂ ਸੱਤ ਘੰਟੇ ਪੜ੍ਹਦੀ ਰਹੀ ਹੈ। ਇਸ ਦੇ ਨਾਲ ਹੀ ਅੱਜ ਦਾ ਕੰਮ ਕੱਲ ਲਈ ਨਾ ਛੱਡ ਆਪਣੇ ਆਪ ਨੂੰ ਅਪਡੇਟ ਰੱਖਿਆ। ਇਸ ਤੋਂ ਇਲਾਵਾ ਅਦਿਤੀ ਦਾ ਕਹਿਣਾ ਹੈ ਕਿ ਸਕੂਲ ਵਿਚ ਅਧਿਆਪਕ ਨੇ ਜੋ ਵੀ ਪੜ੍ਹਾਇਆ, ਉਹ ਉਸਨੂੰ ਚੰਗੀ ਤਰ੍ਹਾਂ ਯਾਦ ਸੀ। ਅਦਿਤੀ ਜ਼ਿੰਦਗੀ ਵਿੱਚ ਡਾਕਟਰ ਬਣਨਾ ਚਾਹੁੰਦੀ ਹੈ। ਅਦਿਤੀ ਨੇ ਕਿਹਾ ਕਿ ਉਹ ਅੱਗੇ ਡਾਕਟਰੀ ਸਿੱਖਿਆ ਹਾਸਿਲ ਕਰੇਗੀ। ਇਸ ਪ੍ਰਾਪਤੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਅਧਿਆਪਕਾਂ ਦਾ ਅਹਿਮ ਯੋਗਦਾਨ ਸੀ।
