ਪੰਜਾਬ ਦੀ ਸਿਆਸਤ ‘ਚ ਅੱਜ ਇੱਕ ਵੱਡਾ ਧਮਾਕਾ ਹੋ ਸਕਦਾ ਹੈ। ਦਰਅਸਲ ਪੰਜਾਬ ਦੀ ਸਿਆਸਤ ਵਿੱਚ ਤਖਤਾਂ ਪਲਟ ਦੀ ਤਿਆਰੀ ਹੋ ਚੁੱਕੀ ਹੈ, ਕਿਉਂਕ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਇਆ ਕਾਟੋ ਕਲੇਸ਼ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੌਰਾਨ ਪੰਜਾਬ ਵਿੱਚ ਕਾਂਗਰਸ ਵਿਧਾਇਕ ਦਲ ਦੀ ਅਹਿਮ ਬੈਠਕ ਤੋਂ ਪਹਿਲਾਂ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਸ੍ਰੀ ਰਾਹੁਲ ਗਾਂਧੀ ਨੇ ਸੂਬਾ ਇਕਾਈ ਵਿਚਲੀ ਉਲਝਣ ਨੂੰ ਸੁਲਝਾਉਣ ਲਈ ਜੋ ਰਾਹ ਅਪਣਾਇਆ ਹੈ, ਉਸ ਨਾਲ ਨਾ ਸਿਰਫ ਕਾਂਗਰਸ ਵਰਕਰ ਖੁਸ਼ ਹੋਏ ਹਨ, ਸਗੋਂ ਅਕਾਲੀ ਦਲ ਦੀ ਨੀਂਹ ਹਿੱਲ ਗਈ ਹੈ।
ਉਨ੍ਹਾਂ ਟਵੀਟ ਕੀਤਾ, “ਵਾਹ ਰਾਹੁਲ ਗਾਂਧੀ, ਤੁਸੀਂ ਇੱਕ ਬਹੁਤ ਹੀ ਗੁੰਝਲਦਾਰ ਹਾਲਾਤ ਨੂੰ ਸੁਲਝਾਉਣ ਦਾ ਜੋ ਤਰੀਕਾ ਲੱਭ ਲਿਆ ਹੈ, ਉਸ ਦਲੇਰ ਫੈਸਲੇ ਨੇ ਪੰਜਾਬ ਕਾਂਗਰਸ ਵਿਚਲਾ ਸਾਰਾ ਝੰਜਟ ਹੀ ਮੁਕਾ ਦਿੱਤਾ ਹੈ। ਇਸ ਨਾਲ ਵਰਕਰ ਤਾਂ ਖੁਸ਼ ਹੋਏ ਹਨ, ਸਗੋਂ ਅਕਾਲੀ ਦਲ ਦੀਆਂ ਚੂਲਾਂ ਵੀ ਹਿੱਲ ਗਈਆਂ ਨੇ।’ ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਐਲਾਨਿਆ ਜਾ ਸਕਦਾ ਹੈ।
ਜਾਖੜ ਪੰਜਾਬ ਦੇ ਮਾਲਵਾ ’ਚ ਪੈਂਦੇ ਅਬੋਹਰ ਤੋਂ ਸੰਬੰਧ ਰੱਖਦੇ ਹਨ। ਅਜੌਕੇ ਦੌਰ ਵਿੱਚ ਉਹ ਬਾਦਲਾਂ ਦੇ ਕੱਟੜ ਸਿਆਸੀ ਦੁਸ਼ਮਣ ਮੰਨੇ ਜਾਂਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਸਖਤ ਟੱਕਰ ਬਣ ਜਾਵੇਗੀ। ਹਾਲਾਂਕਿ ਜੇਕਰ ਕੋਈ ਹਾਰਿਆ ਵਿਧਾਇਕ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਤਾਂ ਛੇ ਮਹੀਨੀਆਂ ਦੇ ਅੰਦਰ ਅੰਦਰ ਉਸ ਨੂੰ ਚੋਣ ਲੜ ਕੇ ਵਿਧਾਇਕ ਬਣਨਾ ਲਾਜ਼ਮੀ ਹੁੰਦਾ ਹੈ। ਪਰ ਪੰਜਾਬ ਵਿੱਚ ਚੋਣਾਂ ਸਿਰ ’ਤੇ ਹਨ, ਇਸ ਲਈ ਅਜਿਹਾ ਤਾਂ ਨਹੀਂ ਹੋ ਸਕਦਾ ਪਰ ਚੋਣ ਜ਼ਾਬਤਾ ਲੱਗਣ ਤੱਕ ਜਾਖੜ ਨੂੰ ਮੁੱਖ ਮੰਤਰੀ ਅਹੁਦੇ ’ਤੇ ਬਿਠਾਇਆ ਜਾ ਸਕਦਾ ਹੈ।