ਸਾਂਸਦ ਸਾਈਮਨ ਹੈਰਿਸ ਨੂੰ ਮੰਗਲਵਾਰ ਨੂੰ ਸੰਸਦ ‘ਚ ਵੋਟਿੰਗ ਰਾਹੀਂ ਆਇਰਲੈਂਡ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਉਹ 37 ਸਾਲ ਦੀ ਉਮਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਹਨ। ਹੈਰਿਸ ਨੇ ਲਿਓ ਵਰਾਡਕਰ ਦੀ ਥਾਂ ਆਇਰਲੈਂਡ ਦੀ ਤਿੰਨ-ਪਾਰਟੀ ਗੱਠਜੋੜ ਸਰਕਾਰ ਦੇ ਮੁਖੀ ਵੱਜੋਂ ਇਹ ਜਿੰਮੇਵਾਰੀ ਸੰਭਾਲੀ ਹੈ। ਵਰਾਡਕਰ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਹੈਰਾਨੀਜਨਕ ਐਲਾਨ ਕੀਤਾ ਸੀ। ਹੈਰਿਸ ਨੇ ਵਰਾਡਕਰ ਦੀ ਸਰਕਾਰ ਵਿੱਚ ਉਚੇਰੀ ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾਈ ਹੈ।
ਆਇਰਿਸ਼ ਸੰਸਦ ਦੇ ਹੇਠਲੇ ਸਦਨ ਡੇਲ ਵਿੱਚ ਸੰਸਦ ਮੈਂਬਰਾਂ ਨੇ 69 ਦੇ ਮੁਕਾਬਲੇ 88 ਵੋਟਾਂ ਨਾਲ ਹੈਰਿਸ ਨੂੰ ਤਾਓਇਸੇਚ ਜਾਂ ਪ੍ਰਧਾਨ ਮੰਤਰੀ ਬਣਾਏ ਜਾਣ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਨੂੰ ਰਸਮੀ ਤੌਰ ‘ਤੇ ਰਾਸ਼ਟਰਪਤੀ ਮਾਈਕਲ ਡੀ ਹਿਗਿੰਸ ਦੁਆਰਾ ਡਬਲਿਨ ਵਿੱਚ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ‘ਤੇ ਇੱਕ ਸਮਾਰੋਹ ਵਿੱਚ ਨਿਯੁਕਤ ਕੀਤਾ ਗਿਆ। ਹੈਰਿਸ ਨੂੰ ਪਹਿਲੀ ਵਾਰ 24 ਸਾਲ ਦੀ ਉਮਰ ਵਿੱਚ ਸੰਸਦ ਲਈ ਚੁਣਿਆ ਗਿਆ ਸੀ ਅਤੇ ਸੋਸ਼ਲ ਮੀਡੀਆ ‘ਤੇ ਸੰਚਾਰ ਕਰਨ ਦੇ ਸ਼ੌਕ ਦੇ ਕਾਰਨ, ਉਸਨੂੰ TikTok Taoiseach, TEA-shock ਕਿਹਾ ਗਿਆ ਸੀ।